
ਸਰੀ, ਬੀ.ਸੀ – ਚੜਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਕਮਿਉਨਿਟੀ ਦੀ ਮਦਦ ਨਾਲ ਬੀ ਸੀ ਚਿਲਡਰਨ ਹਸਪਤਾਲ ਵਿੱਚ ਦਾਖਲ ਬੱਚਿਆਂ ਨੂੰ ਖਿਡੌਣੇ ਦਾਨ ਕੀਤੇ ਗਏ। ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿਚ ਬਾਕੀ ਮੈਂਬਰਾਂ ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਮਾਨਕਟਲਾ, ਇੰਦਰਜੀਤ ਸਿੰਘ ਲੱਧੜ ਅਤੇ ਸੰਦੀਪ ਸਿੰਘ ਧੰਜੂ ਨੇ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਸਾਰੀਆਂ ਕਮਿਊਨਿਟੀਆਂ ਦੇ ਬੱਚਿਆਂ ਨੂੰ ਖਿਡੌਣੇ ਵੰਡ ਕੇ ਉਨਾਂ ਦੇ ਚਿਹਰਿਆਂ ਉਤੇ ਮੁਸਕਾਨ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਮੌਕੇ ਇਨਾਂ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ ਜਿਨਾਂ ਵੱਲੋਂ ਐਸੋਸੀਏਸ਼ਨ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਜਿਥੇ ਧੰਨਵਾਦ ਕੀਤਾ ਗਿਆ ਉਥੇ ਆਉਂਦੇ ਸਮੇਂ ਵਿੱਚ ਅਜਿਹੇ ਹੋਰ ਕਾਰਜ ਕਰਨ ਲਈ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਸਾਨੂੰ ਨਿੱਜੀ ਤੌਰ ਉਤੇ ਵੀ ਬਹੁਤ ਸਕੂਨ ਮਿਲਦਾ ਹੈ ਅਤੇ ਆਉਂਦੇ ਸਮੇਂ ਵਿੱਚ ਅਜਿਹੇ ਉਪਰਾਲੇ ਹੋਰ ਵੀ ਵੱਡੀ ਪੱਧਰ ਉਤੇ ਕੀਤੇ ਜਾਣਗੇ। ਉਹਨਾਂ ਕਮਿਊਨਿਟੀ ਵਿੱਚੋਂ ਹੋਰ ਵੀ ਲੋਕਾਂ ਨੂੰ ਐਸੋਸੀਏਸ਼ਨ ਨਾਲ ਜੁੜਨ ਅਤੇ ਅਜਿਹੇ ਨੇਕ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹੋਂਦ ਵਿੱਚ ਆਈ ਚੜਦੀਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ ਸਿੱਖੀ ਦੇ ਸਿਧਾਂਤ ‘ਸਰਬੱਤ ਦਾ ਭਲਾ’ ਦੇ ਨੈਤਿਕ ਆਧਾਰ ਤੇ ਬਣਾਈ ਗਈ ਹੈ ਜਿਸ ਦਾ ਉਦੇਸ਼ ਨਿਰਪੱਖ ਹੋ ਕੇ ਸਮਾਜ ਦੀ ਸੇਵਾ ਕਰਨੀ ਅਤੇ ਮਾਨਵਤਾ ਦੀ ਭਲਾਈ ਦੇ ਕਾਰਜ ਹਨ। ਇਹੋ ਕਾਰਨ ਹੈ ਕਿ ਐਸੋਸੀਏਸ਼ਨ ਵੱਲੋਂ ਆਪਣੇ ਨੇਕ ਕਾਰਜਾਂ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਰਾਏ ਬੁਲਾਰ ਜੀ ਦੇ ਵੰਸ਼ਜ ਰਾਏ ਬਿਲਾਲ ਭੱਟੀ ਅਤੇ ਸਈਅਦ ਉੱਲਾਹ ਭੱਟੀ ਦੇ ਕੈਨੇਡਾ ਫੇਰੀ ਦੌਰਾਨ ਸਨਮਾਨ ਨਾਲ ਕੀਤੀ ਗਈ। ਐਸੋਸੀਏਸ਼ਨ ਵੱਲੋਂ ਕਮਿਉਨਿਟੀ ਵਿੱਚ ਸਾਰਥਕ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਤਹਿਤ ਪਿਛਲੇ ਦਿਨੀਂ ਉਘੀ ਮੀਡੀਆ ਸਖਸ਼ੀਅਤ ਹਰਜਿੰਦਰ ਸਿੰਘ ਥਿੰਦ ਨੂੰ ਅਤੇ ਪ੍ਰਸਿੱਧ ਕਾਰੋਬਾਰੀ ਜਤਿੰਦਰ ਮਿਨਹਾਸ ਨੂੰ ਉਹਨਾਂ ਦੀਆਂ ਸਮਾਜ ਸੇਵਾ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ। ਕਮਿਊਨਿਟੀ ਦੀ ਸੇਵਾ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ ਜਿਨਾਂ ਅਧੀਨ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸਦੀ ਸ਼ੁਰੂਆਤ ਕਲੋਵਰਡੇਲ ਅਥਲੈਟਿਕਸ ਪਾਰਕ ਦੀ ਸਫਾਈ ਤੋਂ ਸ਼ੁਰੂ ਕੀਤੀ ਗਈ। ਐਸੋਸੀਏਸ਼ਨ ਵੱਲੋਂ ਆਉਂਦੀ 12 ਜੁਲਾਈ ਨੂੰ ਮਾਨਵਤਾ ਦੀ ਸੇਵਾ ਲਈ ਸਰੀ ਵਿੱਚ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ।
