ਸਰੀ- ਸ਼ਹਿਰ ਵਿੱਚ ਵੱਧ ਰਹੀਆਂ ਫਿਰੌਤੀ ਸਬੰਧੀ ਧਮਕੀਆਂ ਨੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਜਿਸ ਨਾਲ ਨਜਿੱਠਣ ਲਈ ਕ੍ਰਾਈਮ ਸਟਾਪਰਜ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਮੈਟਰੋ ਵੈਨਕੂਵਰ ਕ੍ਰਾਈਮ ਸਟਾਪਰਜ ਸੰਸਥਾ ਦੀ ਅਗਜ਼ੈਕਟਿਵ ਡਾਇਰੈਕਟਰ ਅਤੇ ਸਿਟੀ ਕੌਂਸਲਰ ਲਿੰਡਾ ਐਨਿਸ ਨੇ ਕਿਹਾ ਕਿ ਇਸ ਬਾਰੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਉਨਾਂ ਤੋਂ ਕਿਸੇ ਵੀ ਪ੍ਰਕਾਰ ਦੀ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ ਪਰ ਇਸ ਨਾਲ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਵਿੱਚ ਮੱਦਦ ਮਿਲਦੀ ਹੈ। ਉਨਾਂ ਕਿਹਾ ਕਿ ਇਹ ਸੰਸਥਾ ਪੁਲਿਸ ਦਾ ਹਿੱਸਾ ਨਹੀਂ ਹੈ ਅਤੇ 41 ਸਾਲ ਪਹਿਲਾਂ ਹੋਂਦ ਵਿੱਚ ਆਈ ਇਸ ਸੰਸਥਾ ਦੀ ਮੱਦਦ ਨਾਲ ਹੁਣ ਤੱਕ ਪੁਲਿਸ ਨੂੰ ਜੁਰਮ ਸਬੰਧੀ ਕਰੀਬ 8400 ਗ੍ਰਿਫਤਾਰੀਆਂ ਕਰਨ ਵਿੱਚ ਸਫਲਤਾ ਮਿਲੀ ਹੈ।
ਦੱਸਣਯੋਗ ਹੈ ਕਿ ਸਰੀ ਸ਼ਹਿਰ ਵਿੱਚ ਪਿਛਲੇ ਥੋੜੇ ਸਮੇਂ ਵਿੱਚ ਹੀ ਦੱਖਣੀ ਏਸ਼ੀਆਈ ਭਾਈਚਾਰੇ ਵਿਚ ਫਿਰੌਤੀ ਲਈ ਕਈ ਧਮਕੀਆਂ ਭਰੇ ਫੋਨ ਆਉਣ ਕਾਰਨ ਇਹ ਮਸਲਾ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਵੀ ਕਾਰਵਾਈਆਂ ਦੇ ਭਰੋਸੇ ਦਿਤੇ ਜਾ ਰਹੇ ਹਨ ਪਰ ਇਸ ਦੇ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ।