
ਸਰੀ, ਬੀਸੀ -ਸਰੀ ਸਿਟੀ ਕੌਂਸਲ ਮੈਟਰੋ ਵੈਨਕੂਵਰ ਬੋਰਡ ਦੇ ਅੰਦਰ ਚੱਲ ਰਹੀਆਂ ਪ੍ਰਸ਼ਾਸਨਕ ਚਿੰਤਾਵਾਂ ਦਾ ਹੱਲ ਲੱਭਣ ਲਈ ਇੱਕ ਵੱਡਾ ਕਦਮ ਚੁੱਕ ਰਹੀ ਹੈ। ਕੋਸਲ ਨੇ ਮੈਟਰੋ ਵੈਨਕੂਵਰ ਖੇਤਰੀ ਵਿਕਾਸ ਯੋਜਨਾ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ । ਕੌਂਸਲਰ ਪ੍ਰਦੀਪ ਕੂਨਰ ਨੇ ਸੋਮਵਾਰ ਦੀ ਰੈਗੂਲਰ ਕੌਂਸਲ ਦੀ ਮੀਟਿੰਗ ਵਿੱਚ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ, ਮਤਾ ਪੇਸ਼ ਕਰਦਿਆਂ ਕਿਹਾ ਕਿ ਰੀਜਨਲ ਯੋਜਨਾਵਾਂ, ਸਰੀ ਦੀਆਂ ਤਰਜੀਹਾਂ ਨਾਲ ਮੇਲ ਨਹੀਂ ਖਾਂਦੀਆਂ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ, “ਅੱਜ ਅਸੀਂ ਸਰੀ ਵਾਸੀਆਂ ਦੇ ਹਿੱਤਾਂ ਲਈ ਖੜ੍ਹੇ ਹਾਂ। ਮੈਟਰੋ 2050 ਯੋਜਨਾ ਸਾਡੇ ਸ਼ਹਿਰ ਉੱਤੇ ਅਣਉੱਚਿਤ ਲਾਗਤਾਂ ਅਤੇ ਉਮੀਦਾਂ ਲਾਗੂ ਕਰਦੀ ਹੈ, ਜੋ ਕਿ ਸਰੀ ਦੀ ਵਧ ਰਹੀ ਆਬਾਦੀ ਅਤੇ ਸ਼ਹਿਰੀ ਦ੍ਰਿਸ਼ਟੀਕੋਣ ਦੇ ਅਨੁਕੂਲ ਨਹੀਂ ਹਨ । ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕਾਰਵਾਈ ਕਰ, ਇਹ ਯਕੀਨੀ ਬਣਾਈਏ ਕਿ ਸਥਾਨਕ ਪ੍ਰਸ਼ਾਸਨ ਸੱਚਮੁੱਚ ਸਾਡੇ ਵਸਨੀਕਾਂ ਦੀਆਂ ਲੋੜਾਂ ਤੇ ਖਰ੍ਹਾ ਉੱਤਰੇ।”
ਕੌਂਸਲਰ ਪ੍ਰਦੀਪ ਕੂਨਰ ਨੇ ਆਪਣੇ ਪ੍ਰਸਤਾਵ ਵਿੱਚ ਮੈਟਰੋ 2050 ਯੋਜਨਾ ਦੇ ਕਈ ਨਾਜ਼ੁਕ ਮੁੱਦਿਆਂ ਦਾ ਹਵਾਲਾ ਦਿੰਦੇ ਦੱਸਿਆ ਕਿ, ਇਸ ਵਿੱਚ ਸ਼ਾਮਲ ਯੋਜਨਾਵਾਂ ਆਪਣੀ ਅਤੇ ਸ਼ਹਿਰ ਦੀ ਰਣਨੀਤੀ ਮੁਤਾਬਿਕ ਨਹੀਂ ਹਨ, ਅਤੇ ਲੋਕਾਂ ਤੇ ਕੇਂਦਰਿਤ ਸਰੋਤਾਂ ਦੀ ਵਿਅਕਤੀਗਤ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰਦੀਆਂ।
ਕੂਨਰ ਨੇ ਨਾਲ ਹੀ ਕਿਹਾ, “ਇਹ ਪ੍ਰਸਤਾਵ ਨਿਰਪੱਖਤਾ ਅਤੇ ਸਮਾਨਤਾ ‘ਤੇ ਕੇਂਦਰਿਤ ਹੈ, ਕਿਉਂਕਿ ਮੈਟਰੋ 2025 ਸਾਡੇ ਵਸਨੀਕਾਂ ‘ਤੇ ਬੇਲੋੜਾ ਬੋਝ ਪਾਉਂਦੀ ਹੈ, ਜਦੋਂ ਕਿ ਬਰਾਬਰ ਲਾਭ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦੀ ਹੈ। “ਸਰੀ ਸ਼ਹਿਰ ਇਹ ਯਕੀਨੀ ਬਣਾਉਣਾ ਚਹੁੰਦਾ ਹੈ ਕਿ ਬਿਨਾਂ ਕਿਸੇ ਅਣਉੱਚਿਤ ਵਿੱਤੀ ਤਣਾਅ ਦਾ ਸਾਹਮਣਾ ਕੀਤੇ, ਸਾਡੇ ਵਸਨੀਕਾਂ ਨੂੰ ਉਨ੍ਹਾਂ ਸੇਵਾਵਾਂ ਅਤੇ ਸਰੋਤਾਂ ਤੱਕ ਪਹੁੰਚ ਹੋਵੇ, ਜਿੰਨਾ ਦੇ ਉਹ ਹੱਕਦਾਰ ਹਨ”।
ਮੈਟਰੋ ਵੈਨਕੂਵਰ ਬੋਰਡ ਤੇ ਸਰੀ ਦੀ ਨੁਮਾਇੰਦਗੀ ਕਰਦੇ ਡਾਇਰੈਕਟਰ, ਬੋਰਡ ਵਿੱਚ ਖ਼ਰਚ, ਸਮਾਨਤਾ, ਜਵਾਬਦੇਹੀ ਅਤੇ ਮਾੜੀ ਪ੍ਰਸਾਸ਼ਨੀ ਕਾਰਵਾਈ ਦਾ ਮੁੱਦਾ ਉਠਾਉਂਦੇ ਆ ਰਹੇ ਹਨ।
ਮੇਅਰ ਲੌਕ ਨੇ ਕਿਹਾ, “ਸਰੀ ਅਤੇ ਕੁੱਝ ਹੋਰ ਸ਼ਹਿਰ, ਮੁੱਖ ਤੌਰ ‘ਤੇ ਸਾਊਥ ਫਰੇਜ਼ਰ ਪਿਛਲੇ ਲੰਮੇ ਸਮੇਂ ਤੋਂ ਜ਼ੋਰ ਦੇ ਕੇ ਕਿਹਾ ਹੈ ਕਿ MVRD ਪਾਣੀ, ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਦੇ ਮੁੱਖ ਕਾਰਜਾਂ ਨੂੰ ਘੱਟ ਕੀਮਤਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਕਦਮ ਚੁੱਕੇ, ਤਾਂ ਜੋ ਖ਼ਰਚੇ ਦੀ ਬੱਚਤ ਹੋ ਸਕੇ। ਇਸ ਨਾਲ ਨਜਿੱਠਣ ਲਈ ਮੇਰਾ ਇਰਾਦਾ ਸਾਊਥ ਫਰੇਜ਼ਰ ਦੇ ਮੇਅਰਾਂ, ਕੌਂਸਲ ਮੈਂਬਰਾਂ ਅਤੇ ਸੀਨੀਅਰ ਮੈਨੇਜਮੈਂਟ ਨੂੰ ਇਕੱਠੇ ਕਰ, ਇੱਕ ਸੰਮੇਲਨ ਕਰਨ ਦਾ ਹੈ, ਤਾਂ ਜੋ ਤੈਅ ਕੀਤਾ ਜਾ ਸਕੇ ਕਿ ਆਉਣ ਵਾਲੇ ਕਦਮ ਕੀ ਹੋਣ। ਇਹ ਯਕੀਨੀ ਬਣਾਇਆ ਜਾਵੇ ਕਿ ਖੇਤਰੀ ਸੇਵਾਵਾਂ ਅਤੇ ਉਨ੍ਹਾਂ ਦੀਆਂ ਲਾਗਤਾਂ ਨਿਰਪੱਖ ਢੰਗ ਨਾਲ ਵੰਡੀਆਂ ਜਾਣ, ਤਾਂ ਜੋ ਸਾਡੀਆਂ ਕਮਿਊਨਿਟੀਆਂ—ਖ਼ਾਸ ਤੌਰ ‘ਤੇ ਦੱਖਣੀ ਫਰੇਜ਼ਰ ਇਲਾਕੇ ਦੇ ਲੋਕ ਬਿਨਾਂ ਕਿਸੇ ਆਰਥਿਕ ਦਬਾਅ ਦੇ ਲਾਭ ਪ੍ਰਾਪਤ ਕਰ ਸਕਣ।”
ਸਿਟੀ ਆਫ ਸਰੀ ਦੀ ਮਲਟੀਕਲਚਰਲ ਮੀਡੀਆ ਰਿਲੇਸ਼ਨਜ਼ ਲੀਡ ਪ੍ਰਭਜੋਤ ਕੌਰ ਕਾਹਲੋਂ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਰੀ ਸਟਾਫ਼ ਨੂੰ ਇਸ ਸੰਮੇਲਨ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇੱਕ ਸੰਵੇਦਨਸ਼ੀਲ ਚਰਚਾ ਹੋ ਸਕੇ ਤੇ ਖੇਤਰੀ ਪ੍ਰਸ਼ਾਸਨ ਵਿੱਚ ਵਧੇਰੇ ਨਿਆਂ, ਪਾਰਦਰਸ਼ਤਾ ਅਤੇ ਸਮਾਨਤਾ ਪੂਰਵਕ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ।
