ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਾਰੇ ਗਏ ਤੇਜ਼ ਤਰਾਰ ਆਗੂ ਸੁਖਪਾਲ ਖਹਿਰਾ ਹਲਕੇ ਦੇ ਚਰਚਿਤ ਕਾਂਗਰਸੀ ਆਗੂਆਂ ਨੂੰ ਆਪਣੇ ਨਾਲ ਤੋਰਨ ਵਿੱਚ ਕਾਮਯਾਬ ਹੋ ਗਏ ਹਨ। ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਖਹਿਰਾ ਨੇ ਅੱਜ ਸਾਬਕਾ ਐਮ.ਪੀ.ਵਿਜੈ ਇੰਦਰ ਸਿੰਗਲਾ ਦੇ ਗ੍ਰਹਿ ਹਰੀਪੁਰਾ ਰੋਡ, ਸੰਗਰੂਰ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਲੋਕ ਸਭਾ ਚੋਣਾਂ ਦੀ ਤਿਆਰੀਆਂ ਨੂੰ ਹੋਰ ਸਰਗਰਮ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸੁਖਪਾਲ ਖਹਿਰਾ ਨੇ ਸਿੰਗਲਾ ਅਤੇ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਇਸ ਮੁਲਾਕਾਤ ਦੌਰਾਨ ਸਭ ਵੱਲੋੰ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੰਗਲਾ ਅਤੇ ਗੋਲਡੀ ਖਹਿਰਾ ਲਈ ਖੁੱਲ੍ਹ ਕੇ ਪ੍ਰਚਾਰ ਕਰਦੇ ਨਜ਼ਰੀ ਨਹੀਂ ਆਏ ਸਨ। ਸੰਗਰੂਰ ਤੋਂ ਖਹਿਰਾ ਨੂੰ ਟਿਕਟ ਦੇਣ ਮਗਰੋਂ ਸ਼ੋਸ਼ਲ ਮੀਡੀਆ ‘ਤੇ ਗੋਲਡੀ ਦਾ ਦਰਦ ਛਲਕਿਆ ਸੀ। ਪਰੰਤੂ ਅੱਜ ਹੋਈ ਮੁਲਾਕਾਤ ਮਗਰੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ ਸੰਗਰੂਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਵਿਜੈ ਇੰਦਰ ਸਿੰਗਲਾ,ਦਲਵੀਰ ਸਿੰਘ ਗੋਲਡੀ ਅਤੇ ਜਸਵਿੰਦਰ ਸਿੰਘ ਧੀਮਾਨ ਦਾ ਤਹਿ ਦਿਲੋੰ ਧੰਨਵਾਦ ਕੀਤਾ ਹੈ।