
ਕੈਨੇਡਾ ਵਿੱਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਾਨਤਾ
ਡਾ. ਗੁਰਵਿੰਦਰ ਸਿੰਘ
604 825 1550
ਕੈਨੇਡਾ ਵਿੱਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਸਿੱਖ ਵਿਸ਼ੇਸ਼ ਕਰ ਕੇ ਆਪਣੇ ਵਿਰਸੇ, ਇਤਿਹਾਸ, ਸੱਭਿਆਚਾਰ ਅਤੇ ਪ੍ਰਾਪਤੀਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇ ਸਕਦੇ ਹਨ। ਵਾਸਤਵ ਵਿੱਚ ਖਾਲਸਾ ਦਿਹਾੜਾ ਅਪ੍ਰੈਲ ਵਿੱਚ ਆਉਣ ਕਾਰਨ, ਇਹ ਮਹੀਨਾ ‘ਸਿੱਖ ਹੈਰੀਟੇਜ ਮਹੀਨੇ’ ਵਜੋਂ ਐਲਾਨਿਆ ਗਿਆ ਹੈ। ਇਤਿਹਾਸਿਕ ਤੌਰ ਤੇ ਵਿਚਾਰਿਆ ਜਾਏ ਤਾਂ ਖਾਲਸਾ ਦਿਹਾੜਾ ਸਿੱਖੀ ਦਾ ਉਹ ਮਹਾਨ ਇਤਿਹਾਸਕ ਦਿਹਾੜਾ ਹੈ, ਜਦੋਂ ਦਸਵੇਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਅਤੇ ਅਤੇ ਗੁਰੂ ਦੇ ਖਾਲਸੇ ਨੂੰ ‘ਅਕਾਲ ਪੁਰਖ ਦਾ ਖਾਲਸਾ’ ਕਰਾਰ ਦਿੱਤਾ। ‘ਸ਼ਬਦ’ ਗੁਰੂ ‘ਸੁਰਤ’ ਚੇਲਾ, ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਜੁਲਮ ਖਿਲਾਫ ਡਟਣਾ, ਸੱਚ ਤੇ ਪਹਿਰਾ ਦੇਣਾ, ਜਾਤ-ਪਾਤ, ਰੰਗ-ਨਸਲ ਵੰਸ਼-ਕੁਲ ਆਦਿ ਜਿਹੇ ਵਿਤਕਰਿਆਂ ਦੇ ਨੂੰ ਖਤਮ ਕਰਨਾ ਆਦਿ ਮਹਾਨ ਕਾਰਜਾਂ ਦਾ ਮੁੱਢ, ਸਿੱਖੀ ਦਾ ਬੂਟਾ ਲਾਉਂਦਿਆਂ ਗੁਰੂ ਨਾਨਕ ਸਾਹਿਬ ਨੇ ਬੰਨ ਦਿੱਤਾ ਸੀ, ਜਿਸ ਨੂੰ 9 ਗੁਰੂ ਸਾਹਿਬਾਨਾਂ ਨੇ ਪਰਚਾਰਿਆ ਅਤੇ ਪ੍ਰਸਾਰਿਆ।
ਦਰਅਸਲ ਵਿਸਾਖੀ ਭਾਵ ਪਹਿਲੀ ਵਿਸਾਖ ਦੇ ਇਤਿਹਾਸਿਕ ਪ੍ਰਸੰਗ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਅਤੇ ਖਾਲਸਾ ਦਿਹਾੜੇ ਦੋਹਾਂ ਨੂੰ ਸਮਰਪਿਤ ਹਨ। ‘ਖ਼ਾਲਸਾ’ ਦਿਹਾੜੇ ਦੇ ਨਾਲ-ਨਾਲ ਇਸ ਮੁਬਾਰਕ ਦਿਹਾੜੇ ਨੂੰ ਗੁਰੂ ਨਾਨਕ ਸਾਹਿਬ ਦੇ ‘ਪ੍ਰਕਾਸ਼ ਦਿਹਾੜੇ’ ਵਜੋਂ ਮਾਨਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਿਸਾਖ 1699 ਨੂੰ ਖ਼ਾਲਸਾ ਦਿਹਾੜੇ ਵਜੋਂ ਤਾਂ ਹੀ ਚੁਣਿਆ ਸੀ, ਕਿਉਂਕਿ ਇਸ ਪਵਿੱਤਰ ਦਿਹਾੜੇ ‘ਤੇ ਪਹਿਲੀ ਵਿਸਾਖ 1469 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਪੁਰਾਤਨ ਇਤਿਹਾਸਿਕ ਸਰੋਤਾਂ ਤੋਂ ਇਲਾਵਾ, ਇਸ ਦੀ ਵਧੇਰੇ ਜਾਣਕਾਰੀ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ‘ਕੱਤਕ ਕਿ ਵਿਸਾਖ’ ‘ਚੋਂ ਮਿਲਦੀ ਹੈ, ਜਦ ਕਿ ਤਕਰੀਬਨ ਸਾਰੀਆਂ ਹੀ ਪਾਠ-ਪੁਸਤਕਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ 1469 ਨੂੰ ਹੀ ਮਿਲਦਾ ਹੈ, ਹਾਲਾਂ ਕਿ ਪ੍ਰਕਾਸ਼ ਦਿਹਾੜਾ ਮਨਾਉਣ ਦੀ ਪਰੰਪਰਾ ਕੱਤਕ ਦੀ ਪੂਰਨਮਾਸ਼ੀ ਨੂੰ ਪ੍ਰਚਲਿਤ ਹੈ। ਇਹ ਵੱਖਰੇ ਰੂਪ ਵਿੱਚ ਸੰਜੀਦਾ ਅਤੇ ਗਹਿਰੇ ਵਿਚਾਰ ਦਾ ਵਿਸ਼ਾ ਹੈ।
ਸਿੱਖੀ ਦੀ ਨੀਂਹ ਪਹਿਲੇ ਸਤਿਗੁਰੂ ਨਾਨਕ ਸਾਹਿਬ ਨੇ ਰੱਖਦਿਆਂ, ਨਿਰਮਲ ਪੰਥ ਚਲਾਇਆ, ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ। ਸਿੱਖੀ ਨੂੰ ਦਸ ਗੁਰੂ ਸਾਹਿਬਾਨ ਦੇ ਰੂਪ ਵਿੱਚ ਫੈਲਾਉਂਦੇ ਹੋਇਆਂ, ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ‘ਹਰ ਸਿੱਖ ਨੂੰ ਅਕਾਲ ਪੁਰਖ ਦਾ ਖਾਲਸਾ’ ਨਾਂ ਦਿੱਤਾ। ‘ਸਿੱਖ’ ਦਰਅਸਲ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮੂਲ ਰੂਪ ‘ਸ਼ਿਸ਼’ ਹੈ ਤੇ ਅਰਥ ਹੈ ਸਿੱਖਣ ਵਾਲਾ ਸ਼ਗਿਰਦ ਜਾਂ ਵਿਦਿਆਰਥੀ। ਪਰ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਿੱਖੀ ਦੇ ਖੇਤਰ ਵਿੱਚ ਸਿੱਖ ਸ਼ਬਦ ਦੇ ਅਰਥ ‘ਸਨਾਤਨੀ ਮੱਤ’ ਨਾਲੋਂ ਵੱਖਰੇ ਹਨ। ਸਿੱਖੀ ਅੰਦਰ ‘ਸਿੱਖ’ ਸ਼ਬਦ ਸਿਰਫ਼ ਸਿੱਖਣ ਵਾਲਾ ਸ਼ਾਗਿਰਦ ਨਾ ਰਹਿ ਕੇ, ਇਸ ਦਾ ਅਰਥ ਅਤੇ ਪ੍ਰਸੰਗ ‘ਨਿਆਰਾ ਇਤਿਹਾਸ, ਬਿਰਤਾਂਤ ਅਤੇ ਸਿਧਾਂਤ’ ਬਣ ਜਾਂਦਾ ਹੈ, ਜਿੱਥੇ ਸਿੱਖ ਮੁਕੰਮਲ ਸਮਰਪਤਿ ਸੁਰਤ ਵਾਲਾ ਜੁਗਿਆਸੂ ਹੋ ਨਿਬੜਦਾ ਹੈ।
ਇਸੇ ਤਰੀਕੇ ਨਾਲ ਸਧਾਰਨ ਰੂਪ ਵਿੱਚ ‘ਗੁਰੂ’ ਸ਼ਬਦ ਦਾ ਅਰਥ ਹੈ ਹਨੇਰਾ ਦੂਰ ਕਰਨ ਵਾਲਾ। ਆਮ ਕਰਕੇ ਅਧਿਆਪਕ ਜਾਂ ਉਸਤਾਦ ਨੂੰ ਗੁਰੂ ਕਿਹਾ ਜਾਂਦਾ ਹੈ, ਪਰ ਜਦੋਂ ਸਿੱਖੀ ਵਿੱਚ ਗੁਰੂ ਸ਼ਬਦ ਆਉਂਦਾ ਹੈ, ਤਾਂ ਇਸ ਦਾ ਅਰਥ ‘ਸੁਰਤ ਦੀ ਅਗਵਾਈ ਕਰਨ ਵਾਲਾ ਸ਼ਬਦ’ ਹੋ ਨਿਬੜਦਾ ਹੈ। ਇਉਂ ਹੀ ਦਸ ਗੁਰੂ ਸਾਹਿਬਾਨ, ਗੁਰਤਾ ਗੱਦੀ ਦੇ ਰੂਪ ਵਿੱਚ ‘ਇਕ ਜੋਤ’ ਅਤੇ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ‘ਗੁਰੂ’ ਵਜੋਂ ਕਰਦੇ ਹਨ। ਇੱਥੇ ‘ਗੁਰੂ’ ਸ਼ਬਦ ਕੇਵਲ ਉਸਤਾਦ ਜਾਂ ਅਧਿਆਪਕ ਨਾ ਹੋ ਕੇ, ਅਧਿਆਤਮਕ ਪ੍ਰਸੰਗ ਵਿੱਚ ਜੀਵਨ ਸੇਧ ਦਾ ਕਰਤਾ-ਧਰਤਾ ਅਤੇ ਲੋਕ-ਪਰਲੋਕ ਵਿੱਚ ਰਖਵਾਲਾ ਬਣ ਜਾਂਦਾ ਹੈ। ਇਸੇ ਕਾਰਨ ਹੀ ਸਿੱਖੀ ਵਿੱਚ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਲਈ ਗੁਰੂ ਸ਼ਬਦ ਨਹੀਂ ਵਰਤਿਆ ਜਾਂਦਾ, ਜਦਕਿ ਹੋਰਨਾਂ ਰੂਹਾਨੀ ਸ਼ਖਸੀਅਤਾਂ ਲਈ ਭਗਤ, ਸੰਤ ਆਦਿ ਸ਼ਬਦ ਵਰਤਿਆ ਜਾਂਦਾ ਹੈ। ਇਹਨਾਂ ਵਿਲਖਣ ਸ਼ਬਦਾਂ ਨੂੰ ਰਲਗੱਡ ਕਰਨਾ ਠੀਕ ਨਹੀਂ।
‘ਖ਼ਾਲਸਾ’ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਦਾ ਹੈ, ਜਿਸਦਾ ਅਰਥ ਹੈ ਸਿੱਧਾ ਬਾਦਸ਼ਾਹ ਅਥਵਾ ਮਾਲਕ ਨੂੰ ਸਮਰਪਤ ਹੋਣਾ ਅਤੇ ਕਿਸੇ ਹੋਰ ਦੇ ਅਧੀਨ ਨਾ ਹੋਣਾ।ਇਸ ਸ਼ਬਦ ਦੇ ਅਰਥ ਸਿੱਖੀ ਵਿੱਚ, ਇਸਲਾਮਿਕ ਮੱਤ ਨਾਲੋਂ ਬਿਲਕੁਲ ਨਿਵੇਕਲੇ ਹੋ ਜਾਂਦੇ ਹਨ। ਇੱਥੇ ਖ਼ਾਲਸਾ ਇੱਕ ਪੰਥ ਹੈ ਤੇ ਅਕਾਲ ਪੁਰਖ ਨੂੰ ਸਮਰਪਿਤ ਹੈ, ਨਾ ਕਿ ਫਾਰਸੀ ਵਿੱਚੋਂ ਲਏ ਗਏ ਸ਼ਬਦ ਦੇ ਸੀਮਤ ਅਰਥਾਂ ਤੱਕ ਹੀ ਸੰਕੁਚਤ ਹੈ। ਸਿੱਖੀ ਦੀ ਆਰੰਭਤਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਕੀਤੀ ਅਤੇ ਸੰਗਤ ਅਤੇ ਧਰਮਸ਼ਾਲਾ ਦੇ ਰੂਪ ਵਿੱਚ ਇਸ ਦਾ ਫੈਲਾਓ ਹੁੰਦਾ ਗਿਆ।
ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਜੀ ਨੇ ’22 ਮੰਜੀਆਂ’ ਥਾਪੀਆਂ, ਜਿਹਨਾਂ ਵਿੱਚ ਸਿੱਖ ਆਦਮੀ ਅਤੇ ਬੀਬੀਆਂ ਸਨ। ਉਹਨਾਂ ਦੂਰ ਦੁਰਾਡੇ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਜੀ ਨੇ ਇਸ ਨੂੰ ਹੋਰ ਵਿਸਥਾਰ ਦਿੰਦਿਆਂ, ‘ਮਸੰਦ’ ਪ੍ਰਥਾ ਦਾ ਰੂਪ ਦਿੱਤਾ, ਭਾਵ ਉਹ ਗੱਦੀਦਾਰ ਜਿਹੜੇ ਸਿੰਘਾਸਨ ਤੋਂ ਹੇਠਵੇਂ ਹੋਣ ਅਰਥਾਤ ਗੁਰੂ ਸਾਹਿਬ ਦੇ ਅਧੀਨ ਅਤੇ ਹੁਕਮ ਅਨੁਸਾਰ, ‘ਮਸੰਦ’ ਸਿੱਖੀ ਦੀ ਪ੍ਰਚਾਰ ਦਾ ਮੁੱਖ ਕੇਂਦਰ ਬਣੇ ਅਤੇ ਸਿੱਖੀ ਦੇ ਫੈਲਾਓ ‘ਚ ਵਡਮੁੱਲੀ ਸੇਵਾ ਨਿਭਾਈ। ਨੌਵੇਂ ਗੁਰੂ ਨਾਨਕ, ਗੁਰੂ ਤੇਗ ਬਹਾਦਰ ਜੀ ਤੱਕ ਇਹ ਪ੍ਰਥਾ ਚਲਦੀ ਰਹੀ।
ਇੱਥੇ ਜ਼ਿਕਰ ਯੋਗ ਹੈ ਕਿ ਛੇਵੇਂ ਗੁਰੂ ਨਾਨਕ, ਗੁਰੂ ਹਰਗੋਬਿੰਦ ਸਾਹਿਬ ਮੌਕੇ ਅਨੇਕਾਂ ਅਜਿਹੇ ਇਲਾਕੇ ਵੀ ਸਨ, ਜਿੱਥੇ ਕੋਈ ਮਸੰਦ ਨਹੀਂ ਸੀ, ਪਰ ਸਿੱਖ ਸੰਗਤ ਵਸਦੀ ਸੀ। ਉਹਨਾਂ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੁਕਮਨਾਮਿਆਂ ਵਿੱਚ ਸ਼ਬਦ ‘ਖਾਲਸਾ’ ਵਰਤਿਆ, ਅਰਥਾਤ ਉਥੋਂ ਦੀ ਸੰਗਤ ਸਿੱਧੀ ਗੁਰੂ ਨਾਲ ਜੁੜੀ ਹੋਈ ਹੈ ਤੇ ਕੋਈ ਮਸੰਦ ਭਾਵ ਵਿਚੋਲਾ ਨਹੀਂ ਹੈ। ਇਉ ਹੀ ਗੁਰੂ ਤੇਗ ਬਹਾਦਰ ਜੀ ਤੱਕ ਅਜਿਹੇ ਹੁਕਮਨਾਮੇ ਮਿਲਦੇ ਹਨ, ਜਿਨਾਂ ਦੇ ਵੇਰਵੇ ਸਿੱਖ ਵਿਦਵਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਤੇ ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਕਿਤਾਬਾਂ ; ‘ਹੁਕਮਨਾਮੇ ਗੁਰੂ ਸਾਹਿਬਾਨ, ਮਾਤਾ ਸਾਹਿਬਾਨ, ਬੰਦਾ ਸਿੰਘ ਅਤੇ ਖਾਲਸਾ ਜੀ ਦੇ’ ਅਤੇ ‘ਨੀਸਾਣ ਅਤੇ ਹੁਕਮਨਾਮੇ’ ਵਿੱਚ ਦਰਜ ਹਨ।
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਸੰਦ ਪ੍ਰਥਾ ਦੇ ਸਬੰਧ ਵਿੱਚ ਇੰਕਸ਼ਾਫ ਹੋਣੇ ਆਰੰਭ ਹੋਏ ਕਿ ਬਹੁਤ ਸਾਰੇ ਇਲਾਕਿਆਂ ਦੇ ਮਸੰਦ ਕਿਰਦਾਰ ਤੋਂ ਗਿਰ ਚੁੱਕੇ ਸਨ ਅਤੇ ਭ੍ਰਿਸ਼ਟ ਹੋ ਚੁੱਕੇ ਸਨ। ਅਜਿਹੀ ਹਾਲਤ ਵਿੱਚ ਗੁਰੂ ਸਾਹਿਬ ਨੇ ਸੰਨ 1698 ਵਿੱਚ ਭਾਵ ਸੰਮਤ 1755 ‘ਚ ਸਾਰੇ ਮਸੰਦਾਂ ਨੂੰ ਤਲਬ ਕੀਤਾ। ਜਿਹਨਾਂ ਮਸੰਦਾਂ ਨੇ ਕਿਰਦਾਰ ਪੱਖੋ ਗਲਤੀਆਂ ਕੀਤੀਆਂ ਤੇ ਭ੍ਰਿਸ਼ਟਾਚਾਰ ਫੈਲਾਇਆ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਜੋ ਚੰਗੀ ਸੇਵਾ ਕਰਦੇ ਸਨ, ਉਹਨਾਂ ਤੇ ਬਖਸ਼ਿਸ਼ਾਂ ਕੀਤੀਆਂ। ਅਜਿਹੇ ਮੌਕੇ ਗੁਰੂ ਸਾਹਿਬ ਨੇ ਸਮੁੱਚੇ ਤੌਰ ‘ਤੇ ‘ਮਸੰਦ ਪ੍ਰਥਾ ਨੂੰ ਖਤਮ’ ਕਰਦਿਆਂ ਇਹ ਹੁਕਮ ਜਾਰੀ ਕੀਤਾ ਕਿ ਸਿੱਖ ਹੁਣ ਮਸੰਦਾਂ ਦੀ ਥਾਂ, ਸਿੱਧੇ ਰੂਪ ਵਿੱਚ ‘ਗੁਰੂ ਦਾ ਖਾਲਸਾ’ ਹਨ, ਭਾਵ ਸਿੱਖ ਅਤੇ ਗੁਰੂ ਦਰਮਿਆਨ ਹੁਣ ਕੋਈ ਵਿਚੋਲਾ ਨਹੀਂ ਹੋਵੇਗਾ।
ਇਉਂ ‘ਖਾਲਸਾ’ ਸ਼ਬਦ ਦਾ ਇਸਤੇਮਾਲ, ਹਰ ਉਸ ਸਿੱਖ ਲਈ ਹੋਣ ਲੱਗਿਆ, ਜਿਹੜਾ ਗੁਰੂ ਸਾਹਿਬ ਨੂੰ ਸਮਰਪਿਤ ਸੀ। ਪਹਿਲੀ ਵਿਸਾਖ ਸੰਮਤ 1756 ਸੰਨ 1699 (ਕੁਝ ਪੁਰਾਤਨ ਇਤਿਹਾਸਿਕ ਸਰੋਤਾਂ ਅਨੁਸਾਰ ਸੰਮਤ 1755 ਭਾਵ, ਸੰਨ 1698) ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਕੌਤਕ ਵਰਤਾਉਂਦਿਆਂ, ਖੰਡੇ ਦਾ ਪਾਹੁਲ ਤਿਆਰ ਕੀਤਾ। ਉਹਨਾਂ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਸਮਰਪਿਤ ਪੰਜ ਸਿੱਖਾਂ ਨੇ ਗੁਰੂ ਸਾਹਿਬ ਨੂੰ ਸੀਸ ਭੇਟ ਕੀਤੇ। ਇਸ ਤਰ੍ਹਾਂ ਇਹ ਪਵਿੱਤਰ ਦਿਹਾੜਾ ‘ਸੀਸ ਭੇਟ ਦਿਵਸ’ ਹੋ ਨਿਬੜਿਆ। ਗੁਰੂ ਸਾਹਿਬ ਨੇ ਖੁਦ ਨੀਲਾ ਚੋਲਾ ਪਹਿਨਿਆ ਅਤੇ ਪੰਜਾਂ ਪਿਆਰਿਆ ਨੂੰ ਵੀ ਨੀਲੇ ਵਸਤਰ ਪਹਿਨਾਏ।
‘ਭੱਟ, ਗੁਰੂ ਕੀਆਂ ਵਹੀਆਂ’ ਅਤੇ ਕਵੀ ਸੈਨਾਪਤੀ ਅਨੁਸਾਰ ਗੁਰੂ ਸਾਹਿਬ ਨੇ ਪਹਿਲਾਂ ਖੰਡੇ ਦੀ ਪਹੁਲ ਦੇ ਪੰਜ ਚੂਲੇ ਆਪ ਛਕੇ ਅਤੇ ਫਿਰ ਪੰਜ ਪਿਆਰਿਆਂ ਨੂੰ ਛਕਾਏ। ਉਸ ਸਮੇਂ ‘ਸਿੰਘ’ ਸ਼ਬਦ ਗੁਰੂ ਸਾਹਿਬ ਨੇ ਆਪਣੇ ਨਾਮ ਨਾਲ ਲਗਾਇਆ ਅਤੇ ਪੰਜਾਂ ਪਿਆਰਿਆਂ ਨੂੰ ਇਹ ਪਛਾਣ ਬਖਸ਼ਿਸ਼ ਕਰਦਿਆਂ ; ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਦੇ ਨਾਮ ਬਖਸ਼ੇ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਆਦਮੀ ਅਤੇ ਬੀਬੀਆਂ ਨੇ ਖੰਡੇ ਦਾ ਪਾਹੁਲ ਲਿਆ ਅਤੇ ਸਿੰਘ ਤੇ ਕੌਰ ਬਣੇ। ਖੰਡੇ ਦਾ ਪਾਹੁਲ ਛਕਣ ਵਾਲੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਪੰਜ ਕਕਾਰ ਬਖਸ਼ੇ, ਚਾਰ ਕਰਹਿਤਾਂ ਤੋਂ ਵਰਜਿਆ ਅਤੇ ਗੁਰੂ ਘਰ ਤੋਂ ਬੇਮੁਖਾਂ ਨਾਲ ਸਾਂਝ ਨਾ ਰੱਖਣ ਦੇ ਹੁਕਮ ਦਿੱਤੇ।
ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਜਾਰੀ ਹੁਕਮਨਾਮਿਆਂ ਵਿੱਚ ਸਿੱਖ ਸੰਗਤ ਲਈ ਸੰਬੋਧਨੀ ਸ਼ਬਦ “ਅਕਾਲ ਪੁਰਖ ਦਾ ਖਾਲਸਾ” ਵਰਤਿਆ ਅਤੇ ਸਿੱਖ ਜਗਤ ਨੂੰ ਸਿੱਧੇ ਤੌਰ ‘ਤੇ ਗੁਰੂ ਨੂੰ ਸਮਰਪਿਤ ਹੁੰਦਿਆਂ, ‘ਖਾਲਸਾ’ ਸ਼ਬਦ ਰਾਹੀਂ ਸੰਬੋਧਨ ਕੀਤਾ। ਇਉ ਸਿੱਖੀ, ਸਿੱਖ ਵਿਰਸੇ, ਸਿੱਖ ਸੱਭਿਆਚਾਰ ਤੇ ਸਿੱਖ ਸਭਿਅਤਾ ਦੇ ਰੂਪ ਵਿੱਚ ਅਰਥਾਂ ਦੇ ਨਵੇਂ ਪ੍ਰਸੰਗ ਅਤੇ ਨਵੇਂ ਵਿਰਾਸਤੀ ਅਰਥ ਉਜਾਗਰ ਹੋਏ। ਜਿੱਥੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਇੱਕੋ ਜੋਤ ਹਨ, ਉੱਥੇ ‘ਸਿੱਖੀ ਅਤੇ ਖ਼ਾਲਸਾ ਪੰਥ’ ਵੀ ਇੱਕੋ ਹੀ ਹਨ। ਇਹਨਾਂ ਨੂੰ ਅੱਡ ਕਰਕੇ ਵੇਖਣਾ ਵੱਡੀ ਕੁਤਾਹੀ ਹੈ। ਇਸੇ ਕਾਰਨ ‘ਸਿੱਖੀ’ ਵਜੋਂ ਆਰੰਭ ਅਤੇ ‘ਖਾਲਸੇ’ ਵਜੋਂ ਮੁਕੰਮਲ ਹੋਣ ਦਾ ਇਹ ਸਫਰ ‘ਖਾਲਸਾ ਦਿਹਾੜੇ’ ਵਜੋਂ ਮਨਾਇਆ ਜਾਂਦਾ ਹੈ।’ਖ਼ਾਲਸਾ’ ਦਿਹਾੜੇ ‘ਤੇ ਇਸ ਪੱਖ ਤੋਂ ਵਿਚਾਰ ਅਹਿਮ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ‘ਸਿੱਖੀ’ ਲਈ ਗੁਰੂ ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ’ ਨਾਂ ਬਖਸ਼ਿਆ। ਇਸ ਦੀ ਵਿਲੱਖਣਤਾ ਸੰਸਾਰ ਪੱਧਰ ‘ਤੇ ਮਨੁੱਖੀ ਹੱਕਾਂ, ਮਾਨਵੀ ਬਰਾਬਰੀ ਅਤੇ ਸਰਬੱਤ ਦੇ ਭਲੇ ਪੱਖੋਂ ਉਜਾਗਰ ਹੋਣਾ ਹੀ, ‘ਸਿੱਖ ਵਿਰਾਸਤੀ ਖ਼ਾਲਸਾ ਦਿਹਾੜਾ’ ਸਹੀ ਅਰਥਾਂ ਵਿੱਚ ਮਨਾਉਣਾ ਕਿਹਾ ਜਾ ਸਕਦਾ ਹੈ।
ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਹੈ, ਜਿੱਥੇ ਸਿੱਖ ਵਿਰਾਸਤੀ ਮਹੀਨਾ ਰਾਸ਼ਟਰੀ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦੇ ਇਤਿਹਾਸ ਵੱਲ ਵੇਖੀਏ, ਤਾਂ ਸੰਨ 2013 ਵਿਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕੈਨੇਡਾ ਦੇ ਸੂਬੇ ਓਂਟੈਰੀਓ ਵਿੱਚ ਵਿਧਾਇਕ ਹੁੰਦਿਆਂ ਅਜਿਹਾ ਮਤਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਓਂਟੈਰੀਓ ਵਿੱਚ ਸਿੱਖ ਵਿਰਾਸਤੀ ਮਹੀਨਾ ਮਨਾਉਣਾ ਆਰੰਭ ਹੋਇਆ। ਕੈਨੇਡਾ ਵਿੱਚ ਕੌਮੀ ਪੱਧਰ ‘ਤੇ ਸੰਨ 2018 ਵਿਚ ਲਿਬਰਲ ਪਾਰਟੀ ਦੇ ਐਮਪੀ ਸੁਖ ਧਾਲੀਵਾਲ ਨੇ ਹਾਊਸ ਆਫ ਕਾਮਨਜ਼ ਪ੍ਰਾਈਵੇਟ ਮੈਂਬਰ ਬਿੱਲ ਸੀ 376 ਲਿਆਂਦਾ, ਜੋ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ 30 ਅਪ੍ਰੈਲ 2019 ਨੂੰ ‘ਸਿੱਖ ਹੈਰੀਟੇਜ ਐਕਟ’ ਬਣਿਆ।
ਸੰਨ 2026 ਕੈਨੇਡਾ ਪੱਧਰ ‘ਤੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦੀ 7ਵੀਂ ਵਰੇਗੰਢ ਹੈ। ਕੈਨੇਡਾ ਸਿੱਖ ਵਿਰਾਸਤੀ ਮਹੀਨਾ ਉਤਸ਼ਾਹ ਨਾਲ ਮਨਾ ਰਿਹਾ ਹੈ, ਜਿਸ ਦੌਰਾਨ ਇਤਿਹਾਸਿਕ ਪ੍ਰਦਰਸ਼ਨੀਆਂ, ਨਗਰ ਕੀਰਤਨਾਂ, ਸੱਭਿਆਚਾਰਕ ਸਮਾਗਮਾਂ ਅਤੇ ਵਿਚਾਰ ਗੋਸ਼ਟੀਆਂ ਦਾ ਆਯੋਜਨ ਹੋ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੱਧਰ ‘ਤੇ ਕੈਨੇਡਾ ਸਰਕਾਰ ਦੀ ਪ੍ਰਵਾਨਗੀ ਨਾਲ ਅਜਿਹੇ ਸਮਾਗਮ ਵੱਧ-ਚੜ ਕੇ ਕੀਤੇ ਜਾ ਸਕਦੇ ਹਨ, ਇਸਦਾ ਸਾਨੂੰ ਲਾਹਾ ਲੈਣਾ ਚਾਹੀਦਾ ਹੈ।
ਕੈਨੇਡਾ ਦੇ ਰਾਜਨੀਤਿਕ ਆਗੂਆਂ ਵੱਲੋਂ ਅਪ੍ਰੈਲ ਦੇ ਸਿੱਖ ਵਿਰਾਸਤੀ ਮਹੀਨੇ ‘ਤੇ ਸਮੂਹ ਕੈਨੇਡੀਅਨ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਹ ਵਿਭਿੰਨਤਾ ਜਿੱਥੇ ਸਾਡੀ ਤਾਕਤ ਹੈ, ਉਥੇ ਸਿੱਖ ਭਾਈਚਾਰਾ ਨਿਰਸੁਆਰਥ, ਹਮਦਰਦੀ ਅਤੇ ਮਹਾਨਤਾ ਸਦਕਾ ਕੈਨੇਡਾ ਨੂੰ ਮਹਾਨ ਬਣਾਉਣ ਦੀ ਅਹਮ ਭੂਮਿਕਾ ਨਿਭਾ ਰਿਹਾ ਹੈ। ਕਰੀਬ 130 ਸਾਲ ਤੋਂ ਸਿੱਖ ਕੈਨੇਡੀਅਨਾਂ ਨੇ ਇਸ ਦੇਸ਼ ਨੂੰ ਬਰਾਬਰੀ, ਹਮਦਰਦੀ ਭਰਪੂਰ ਅਤੇ ਨਿਆਪੂਰਨ ਕੈਨੇਡਾ ਬਣਾਉਣ ਵਿੱਚ ਖਾਸ ਮਦਦ ਕੀਤੀ ਹੈ। ਇਸ ਕਰਕੇ ਸਿੱਖ ਵਿਰਾਸਤੀ ਮਹੀਨਾ ਸਿੱਖਾਂ ਦੇ ਮਹਾਨ ਇਤਿਹਾਸ ਬਾਰੇ ਵਿਚਾਰ ਕਰਨ ਅਤੇ ਸਿੱਖ ਭਾਈਚਾਰੇ ਦੀਆਂ ਉਹਨਾਂ ਕਦਰਾਂ ਕੀਮਤਾਂ ਨੂੰ ਪਛਾਨਣ ਦਾ ਸੁਨਹਿਰੀ ਮੌਕਾ ਹੈ, ਜੋ ਕੈਨੇਡਾ ਦੇਸ਼ ਦਾ ਨਿਰਮਾਣ ਕਰ ਰਹੀਆਂ ਹਨ।
ਅਪ੍ਰੈਲ ਦੇ ਸਿੱਖ ਵਿਰਾਸਤੀ ਮਹੀਨੇ ਦੌਰਾਨ, ਖਾਲਸਾ ਦਿਹਾੜੇ ਮੌਕੇ ‘ਤੇ ਨਗਰ ਕੀਰਤਨ ਸਜਾਉਣ ਦੇ ਉਪਰਾਲੇ ਹੁੰਦੇ ਹਨ। ਨਗਰ ਕੀਰਤਨਾਂ ਦੇ ਸਬੰਧ ਵਿੱਚ ਅਹਿਮ ਵਿਚਾਰ ਹੈ ਕਿ ਖਾਲਸਾ ਦਿਹਾੜੇ ਨੂੰ ‘ਮੇਲੇ’ ਦੀ ਥਾਂ, ਗੁਰਪੁਰਬ ਦੇ ਅਮਲੀ ਰੂਪ ਵਿਚ ਮਨਾਇਆ ਜਾਏ। ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਦੇ ਹਰ ਕੋਨੇ ਵਿੱਚ, ਜਿੱਥੇ ਵੀ ਸਿੱਖ ਵਸਦੇ ਹਨ, ਅਕਾਲ ਪੁਰਖ ਦਾ ਜਸ ਅਤੇ ਕੀਰਤੀ ਕਰਦੇ ਹਨ। ਸਿੱਖ ਕੌਮ ਇਤਿਹਾਸਕ ਮੌਕਿਆਂ ਉੱਪਰ ਨਗਰ ਕੀਰਤਨ ਸਜਾਉਂਦੀ ਹੈ। ਇਹ ਪਰੰਪਰਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਦੁਬਈ ਅਤੇ ਪਾਕਿਸਤਾਨ ਸਮੇਤ ਹਰ ਉਸ ਮੁਲਕ ਦੇ ਵਿੱਚ ਸ਼ਾਨ ਨਾਲ ਕਾਇਮ ਹੈ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਿਆ ਹੋਇਆ ਹੈ। ਨਗਰ ਕੀਰਤਨ ਸ਼ਬਦ ਦੀ ਪਰਿਭਾਸ਼ਾ ਦੇਖੀਏ, ਤਾਂ ਇਹ ਦੋ ਸ਼ਬਦਾਂ ਦਾ ਜੋੜ ਹੈ : ‘ਨਗਰ’ ਅਤੇ ‘ਕੀਰਤਨ’। ਕੀਰਤਨ ਸ਼ਬਦ ਗੁਰਬਾਣੀ ‘ਚ ਅਨੇਕਾਂ ਵਾਰ ਆਇਆ ਹੈ। ਜਿੱਥੇ ਕੀਰਤਨ ਗਾਇਨ ਸਿੱਖੀ ਦਾ ਸ਼ਾਨਮਈ ਵਿਰਸਾ ਹੈ ਅਤੇ ਗੁਰੂ ਸਾਹਿਬਾਨ ਸਮੇਂ ਤੋਂ ਕੀਰਤਨ ਆਰੰਭ ਹੋਇਆ ਹੈ, ਉੱਥੇ ਇਹ ਸਦਾ ਹੀ ਕਾਇਮ ਹੈ ਅਤੇ ਰਹੇਗਾ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ‘ਚ ਅਨੇਕ ਥਾਵਾਂ ‘ਤੇ ਇਹ ਸ਼ਬਦ ਹਨ, ਜਦੋਂ ਗੁਰੂ ਸਾਹਿਬ ਬਾਣੀ ਰਚਦੇ ਅਤੇ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਗੁਰੂ ਕਾਲ ਦੌਰਾਨ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਮੌਲਿਕ ਰੂਪ ਵਿੱਚ ਸਰੰਦਾ ਅਤੇ ਅਨੇਕਾਂ ਹੋਰ ਸਾਜ ਬਖਸ਼ੇ ਅਤੇ ਹਰ ਇਕ ਸਿੱਖ ਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਦਰਜ ਕਰਨ ਅਤੇ ਰਾਗਾਂ ਵਿੱਚ ਗਾਇਨ ਦੀ ਵਿਧੀ ਇਸ ਦੀ ਮਿਸਾਲ ਹੈ, ਜਿਸ ਨੂੰ ਆਧਾਰ ਬਣਾ ਕੇ, ਕੀਰਤਨੀਏ ਰਾਗਾਂ ਦਾ ਅਧਿਅਨ ਕਰਦੇ ਹਨ। ਕੀਰਤਨ ਗਾਇਨ ਦੇ ਮਹਾਨ ਗੌਰਵਮਈ ਵਿਰਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉੱਚਾ ਰੁਤਬਾ ਦਿੱਤਾ। ਇੱਥੋਂ ਤੱਕ ਕਿ ਜੰਗਾਂ ਮੌਕੇ ਵੀ ‘ਆਸਾ ਜੀ ਦੀ ਵਾਰ’ ਦਾ ਕੀਰਤਨ ਆਪ ਜੀ ਦੇ ਖੁਦ ਗਾਇਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਸਾਹਮਣੇ ਹਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੀਰਤਨ ਦਾ ਸਤਿਕਾਰ ਵਧਿਆ ਅਤੇ ਇਹ ਹਮੇਸ਼ਾ ਕਾਇਮ ਹੈ। ਸ਼ਬਦ ‘ਨਗਰ’ ਦਾ ਭਾਵ ਅਸਥਾਨ ਤੋਂ ਹੈ, ਚਾਹੇ ਪਿੰਡ, ਕਸਬਾ, ਸ਼ਹਿਰ, ਕੁਝ ਵੀ ਹੋਵੇ। ਦੇਸ਼-ਵਿਦੇਸ਼ ਜਿੱਥੇ ਵੀ, ਜਿਸ ਵੀ ਸ਼ਹਿਰ ਵਿੱਚ ਸਿੱਖ ਵੱਸਦੇ ਹਨ, ਉਨ੍ਹਾਂ ਲਈ ਉਹ ਨਗਰ ਹੈ। ਇਉਂ ਨਗਰ ਅਤੇ ਕੀਰਤਨ, ਦੋਹੇਂ ਸ਼ਬਦਾਂ ਦੇ ਜੋੜ ਤੋਂ ‘ਨਗਰ ਕੀਰਤਨ’ ਬਣਦਾ ਹੈ, ਜਿਸ ਦਾ ਭਾਵ ਹੈ ਵਿਸ਼ੇਸ਼ ਧਾਰਮਿਕ ਮੌਕਿਆਂ ‘ਤੇ ਨਗਰ ਵਿੱਚ ਕੀਰਤਨ ਕਰਦੇ ਹੋਏ ਸਿੱਖੀ ਦੀ ਸ਼ੋਭਾ ਵਧਾਉਣੀ ਅਤੇ ਹੋਰਨਾ ਕੌਮਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਇਸ ਦਾ ਖਾਸ ਨਿਯਮ ਇਹ ਹੈ ਕਿ ਨਗਰ ਕੀਰਤਨ ਸਜਾਉਂਦੇ ਹੋਏ, ਕੀਰਤਨ ਕਰਦਿਆਂ ਹੋਇਆਂ, ਨਗਰ ਵਿੱਚ ਦੀ ਗੁਜ਼ਰਨਾ। ਨਗਰ ਵਿੱਚ ਕੀਰਤਨ ਗਾਇਨ ਕਰਦੇ ਚੱਲਣਾ। ਕਿਉਂਕਿ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਜ਼ਰੀਆ ਹੈ, ਇਸ ਕਰਕੇ ਨਗਰ ਕੀਰਤਨ ਵਿੱਚ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੱਖਾਂ ਨੂੰ ਜੋੜ ਕੇ ਵੇਖਿਆ ਜਾਂਦਾ ਹੈ, ਜਿਵੇਂ ਕਿ ਨਗਰ ਕੀਰਤਨ ਵਿੱਚ ਸਿੱਖਾਂ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਗੱਤਕਾ ਖੇਡਣਾ, ਜੋ ਕਿ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਹਰ ਗੁਰਦੁਆਰਾ ਸਾਹਿਬ ਤੱਕ ਮੌਜੂਦ ਹੈ। ਇਸ ਦੇ ਨਾਲ ਹੀ ਗੁਰਬਾਣੀ ਦੀ ਕਥਾ-ਵਿਚਾਰ, ਢਾਡੀ, ਕਵੀਸ਼ਰੀ ਪਰੰਪਰਾ, ਇਹ ਸਭ ਸਿੱਖੀ ਦੇ ਧਾਰਮਿਕ ਪੱਖ ਹਨ ਅਤੇ ਨਗਰ ਕੀਰਤਨ ਦਾ ਹਿੱਸਾ ਹਨ। ਪਹਿਲਾਂ ਪਹਿਲ ਇਸ ਸਬੰਧੀ ‘ਜਲੂਸ’ ਸ਼ਬਦ ਵਰਤਿਆ ਜਾਂਦਾ ਸੀ, ਉਹ ਵੀ ਨਾਂਹ ਵਾਚਕ ਨਹੀਂ ਸੀ, ਬਲਕਿ ਖਾਲਸੇ ਦੀ ਸ਼ਾਨ ਦੇ ਤੌਰ ਤੇ ਜਲੂਸ ਸਜਾਏ ਜਾਣਾ, ਮਹਾਨ ਕਾਰਜ ਵਜੋਂ ਜਾਣਿਆ ਜਾਂਦਾ ਰਿਹਾ ਹੈ। ਹੁਣ ਨਗਰ ਕੀਰਤਨ ਸ਼ਬਦ ਪ੍ਰਚਲਿਤ ਹੋਣਾ ਵੀ ਕੋਈ ਗਲਤ ਨਹੀਂ, ਬਲਕਿ ਚੰਗੀ ਭਾਵਨਾ ਵਿੱਚੋਂ ਪੈਦਾ ਹੋਇਆ ਹੈ।
ਵਰਤਮਾਨ ਸਮੇਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਨਗਰ ਕੀਰਤਨ ਦੇ ਮੌਕੇ ‘ਤੇ ਇਤਿਹਾਸ ਅਤੇ ਵਿਰਸੇ ਦੇ ਮਹੱਤਵ ਨੂੰ ਪੇਸ਼ ਕਰਦੇ ਪੁਸਤਕਾਂ ਜਾਂ ਪੰਫਲਿਟ, ਗੁਰਮੁਖੀ ਤੋਂ ਇਲਾਵਾ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾ ਵਿੱਚ ਵੰਡੇ ਜਾਣ। ਨਗਰ ਕੀਰਤਨ ਦੇ ਸ਼ੋਭਨੀਕ ਸਰੂਪ ਦੀ ਮਹੱਤਤਾ ਇਹ ਵੀ ਹੈ ਕਿ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਗਰ ਤੁਰਨ, ਨਾ ਕਿ ਜ਼ਿਆਦਾ ਤਾਦਾਦ ਵਿੱਚ ਗੱਡੀਆਂ ਚੱਲਣ। ਚੱਲਦਿਆਂ ਹੋਇਆਂ ਇਹ ਵੀ ਖਿਆਲ ਰੱਖਿਆ ਜਾਏ ਕਿ ਅਸੀਂ ਗੁਰਬਾਣੀ ਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹੋਏ ਸਿਰ ਢੱਕੇ ਹਨ ਅਤੇ ਕਿਸੇ ਵੀ ਕਿਸਮ ਦੇ ‘ਨਸ਼ਾ ਸੇਵਨ ਤੋਂ ਮੁਕਤ’ ਹਾਂ। ਸਿੱਖੀ ਵਿੱਚ ਨਸ਼ਾ ਵਿਵਰਜਤ ਹੈ ਅਤੇ ਇਹ ਸਿਹਤ ਅਤੇ ਮਾਹੌਲ ਖਰਾਬ ਕਰਦਾ ਹੈ। ਨਗਰ ਕੀਰਤਨ ਮੌਕੇ ਕਈ ਵਾਰ ਗੁਰਬਾਣੀ ਪ੍ਰਚਾਰ ਦੀ ਥਾਂ ‘ਤੇ ਵੱਖ-ਵੱਖ ਫਲੋਟਾਂ ‘ਤੇ ਵਪਾਰੀ-ਕਾਰੋਬਾਰੀ ਪ੍ਰਚਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਨਗਰ ਕੀਰਤਨ ਨਾਲ ਸਬੰਧ ਨਹੀਂ ਹੁੰਦਾ। ਅਜਿਹਾ ਕਰਨਾ ਨਗਰ ਕੀਰਤਨ ਸਰੂਪ ਅਤੇ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਅਤੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ।ਨਗਰ ਕੀਰਤਨ ਦੌਰਾਨ ਸਟੇਜਾਂ ਤੋਂ ਭੰਗੜੇ ਜਾਂ ਗਿੱਧੇ ਆਦਿਕ ਨਾਚਾਂ ਦੀਆਂ ਪੇਸ਼ਕਾਰੀਆਂ ਨਗਰ ਕੀਰਤਨ ਦੇ ਸਰੂਪ ਦੇ ਅਨੁਕੂਲ ਨਹੀਂ। ਇਨ੍ਹਾਂ ਦੀ ਥਾਂ ਦਸਤਾਰਾਂ ਸਜਾਉਣ, ਬੀਰ-ਰਸੀ ਵਾਰਾਂ ਗਾਉਣ ਅਤੇ ਸਿੱਖ ਮਾਰਸ਼ਲ ਆਰਟਸ ਗੱਤਕੇ ਦੇ ਜੌਹਰ ਦਿਖਾਉਣ ਨੂੰ ਪ੍ਰਚਾਰਨਾ ਚਾਹੀਦਾ ਹੈ। ਲੋਕ ਨਾਚ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਨਗਰ ਕੀਰਤਨ ਦੀ ਜਗ੍ਹਾ, ਵੱਖਰੇ ਮੰਚਾਂ ਤੋਂ ਹੋਣੀ ਚਾਹੀਦੀ ਹੈ। ਇਹ ਨਾ ਵਿਵਾਦ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ ‘ਤੇ ਕੋਈ ਸੁਆਲ ਹੀ ਉੱਠਣ ਦੀ ਗੁੰਜਾਇਸ਼ ਹੈ, ਕਿਉਂਕਿ ਨਗਰ ਕੀਰਤਨ ਦਾ ਭਾਵ ਕੀਰਤਨ ਤੋਂ ਹੈ, ਜੋ ਨਗਰ ‘ਚੋਂ ਗੁਜ਼ਰਦਿਆਂ ਸ਼ਰਧਾ-ਸਤਿਕਾਰ ਅਤੇ ਪ੍ਰੇਮ -ਰਸ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ।
ਸਿੱਖ ਵਿਰਸੇ ਅਤੇ ਇਤਿਹਾਸ ਨਾਲ ਸਬੰਧਤ ਵਿਚਾਰਾਂ, ਨਗਰ ਕੀਰਤਨ ਦਾ ਮੂਲ ਮਨੋਰਥ ਹੋਣੀਆਂ ਚਾਹੀਦੀਆਂ ਹਨ, ਜਿਹਨਾਂ ਵਿੱਚ ਸਿੱਖ ਕੌਮ ਦੇ ਲੰਮੇ ਸੰਘਰਸ਼ ਅਤੇ ਚੁਣੌਤੀਆਂ ਸਬੰਧੀ ਖਾਲਸੇ ਦੇ ਨੁਕਤਾ-ਨਿਗਾਹ ਤੋਂ ਵਿਚਾਰਾਂ ਹੋਣ। ਇੱਥੇ ਇਹ ਚੰਗੀ ਗੱਲ ਹੈ ਕਿ ਜੇਕਰ ਵੱਖ- ਵੱਖ ਸਟੇਜਾਂ ਤੋਂ ਨਗਰ ਕੀਰਤਨ ਦੇ ਇਤਿਹਾਸਕ ਮਹੱਤਵ ਅਤੇ ਸਿੱਖੀ ਨਾਲ ਸਬੰਧਤ ਕਾਰਜਾਂ ਬਾਰੇ ਸੰਬੰਧਿਤ ਧਿਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਨਾ ਕਿ ‘ਨਿੱਜੀ ਪ੍ਰਚਾਰ’ ਨਗਰ ਕੀਰਤਨ ਦਾ ਕੇਂਦਰ ਬਿੰਦੂ ਹੋਣ। ਸੰਗਤ ਰੂਪ ਵਿੱਚ ਨਗਰ ਕੀਰਤਨ ਦੀ ਪਰਿਭਾਸ਼ਾ ਅਤੇ ਸਰੂਪ ਦੇ ਅਨੁਕੂਲ ਚੱਲਦਿਆਂ ਇਹ ਯਤਨ ਹੋਵੇ ਕਿ ਇਹ ਮਨੋਰੰਜਨ ਦਾ ਕੇਂਦਰ ਬਿੰਦੂ ਨਾ ਹੋ ਕੇ, ਮਹਾਨ ਵਿਰਸੇ ਦੀ ਇਤਿਹਾਸਕ ਜਾਣਕਾਰੀ ਦਾ ਕੇਂਦਰ ਹੈ।ਅਜਿਹੀ ਸੋਚ ਨਾਲ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜਾਵੇ।
ਨਗਰ ਕੀਰਤਨ ਮੌਕੇ ਥਾਂ-ਥਾਂ ਲੱਗੇ ਸਟਾਲਾਂ ਦੀ ਸੇਵਾ ਜਿੱਥੇ ਬਹੁਤ ਅਹਿਮ ਹੈ, ਉੱਥੇ ਇਹ ਵੀ ਖਿਆਲ ਰੱਖਿਆ ਜਾਵੇ ਕਿ ‘ਨਿਰਾ ਭੋਜਨ ਵੰਡਣ’ ‘ਤੇ ਹੀ ਅਸੀਂ ਕੇਂਦਰਿਤ ਨਾ ਹੋ ਜਾਈਏ, ਸਗੋਂ ‘ਸ਼ਬਦ ਦੇ ਲੰਗਰ’ ਭਾਵ ਕਿਤਾਬਾਂ ਦੇ ਸਟਾਲ ਵੱਧ ਤੋਂ ਵੱਧ ਲਗਾਏ ਜਾਣ। ਕੌੜੀ ਸਚਾਈ ਹੈ ਕਿ ਨਗਰ ਕੀਰਤਨ ਮੌਕੇ ਵਧੇਰੇ ਲੋਕ ਭੋਜਨ ਦੇ ਸਟਾਲਾਂ ‘ਤੇ ਹੀ ਇਕੱਤਰ ਹੁੰਦੇ ਹਨ। ਕਈ ਵਾਰ ਤਾਂ ਇੰਝ ਜਾਪਦਾ ਹੈ ਜਿਵੇਂ ਹੱਦੋਂ ਵੱਧ ਖਾ ਕੇ, ਇੱਕੋ ਦਿਨ ਵਿੱਚ ਸਾਰੀ ਭੁੱਖ ਪੂਰੀ ਕਰਨੀ ਹੋਵੇ। ਖਾਣ-ਪੀਣ ਦੇ ਸਟਾਲਾਂ ਵਿਚ ਵੀ ਪੌਸ਼ਟਿਕ ਭੋਜਨ ਦੀ ਥਾਂ, ਸੁਆਦਲੇ ਭੋਜਨ ‘ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕ ਪੂੜ੍ਹੀਆਂ, ਸਮੋਸੇ, ਟਿੱਕੀਆਂ ਦੇ ਸਟਾਲਾਂ ਤੇ ਵੱਡੀ ਤਾਦਾਦ ਵਿੱਚ ਨਜ਼ਰ ਆਉਂਦੇ ਹਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਨਗਰ ਕੀਰਤਨ ਮੌਕੇ ਫ਼ਲ ਫਰੂਟ ਅਤੇ ਸਲਾਦ ਆਦਿ ਦੇ ਸਟਾਲਾਂ ‘ਤੇ ਰੌਣਕ ਨਜ਼ਰ ਨਹੀਂ ਆਉਂਦੀ। ਤੇਲ ਵਾਲੀਆਂ ਚੀਜ਼ਾਂ ਅਤੇ ਸ਼ੂਗਰ ਵਾਲੇ ਪਦਾਰਥ ਇੱਕੋ ਦਿਨ ਵਿੱਚ ਖਾ ਕੇ ਲੋਕ ਕਿੰਨਾ ਸਰੀਰਕ ਨੁਕਸਾਨ ਕਰਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਲਈ ਜਿੱਥੇ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣਾ ਬੜਾ ਉਚਿਤ ਹੈ, ਉੱਥੇ ਪਲਾਸਟਿਕ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨਾ ਵੀ ਗਲਤ ਹੈ। ਇਸ ਤੋਂ ਗੁਰੇਜ਼ ਕੀਤਾ ਜਾਣਾ ਬਣਦਾ ਹੈ। ਗੁਰਬਾਣੀ ਦੀਆਂ ਪੰਗਤੀਆਂ ਤੇ ਗੁਰਮੁੱਖੀ ਅੱਖਰਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਆਮ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ ‘ਤੇ ਅਜਿਹੇ ਦਸਤਾਵੇਜ਼ ਪੈਰਾਂ ਵਿੱਚ ਰੁਲ ਰਹੇ ਹੁੰਦੇ ਹਨ, ਜੋ ਕਿ ਗੁਰਮੁਖੀ ਅਤੇ ਪੰਜਾਬੀ ਦਾ ਨਿਰਾਦਰ ਹੈ। ਖਾਲਸਾ ਦਿਹਾੜੇ ਦੇ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ।
ਖ਼ਾਲਸਾ ਦਿਵਸ ਜਿੱਥੇ ਇੱਕ ਪਾਸੇ ਜ਼ਾਤ-ਪਾਤ ਦੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਸੁਨੇਹਾ ਹੈ, ਓਥੇ ਦੂਜੇ ਪਾਸੇ ਜ਼ਾਲਮ ਸਰਕਾਰਾਂ ਦੀ ਧੱਕੇਸ਼ਾਹੀ ਖ਼ਿਲਾਫ਼ ਸਿੱਖ ਇਨਕਲਾਬ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਫਿਰ ਭਾਰਤ ਦਾ ਭਗਵਾਂਕਰਨ ਹੋ ਚੁੱਕਿਆ ਹੈ। ਮਨੂ ਸਮ੍ਰਿਤੀ ਤ੍ਰਿਸ਼ੂਲ ਚੁੱਕੀ ਫਿਰ ਰਹੀ ਹੈ। ਨਫਰਤ ਵਧ ਰਹੀ ਹੈ। ਉਚ ਜਾਤੀਏ ਦੱਬੇ-ਕੁਚਲੇ ਭਾਈਚਾਰੇ ਦੇ ਲੋਕਾਂ ‘ਤੇ ਜ਼ੁਲਮ ਕਰ ਰਹੇ ਹਨ। ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਹੈ। ਪੰਜਾਬ ਵਿੱਚ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਕਾਨੂੰਨ ਨੈਸ਼ਨਲ ਸਕਿਉਰਟੀ ਐਕਟ ਆਦਿ ਲਗਾਏ ਜਾ ਰਹੇ ਹਨ। ਜਬਰ ਖਿਲਾਫ ਲਾਮਬੰਦ ਕਰਨ ਲਈ ਜ਼ਰੂਰੀ ਹੈ ਕਿ ਨਗਰ ਕੀਰਤਨ ਮੌਕੇ ਝਾਕੀਆਂ ਦੌਰਾਨ ਅਜਿਹੇ ਸਰਕਾਰੀ ਤਸ਼ੱਦਦ ਤੋਂ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਨੂੰ ਜਾਣੂੰ ਕਰਵਾਇਆ ਜਾਏ।
ਜ਼ੁਲਮ ਦੇ ਖਿਲਾਫ਼ ਇਤਿਹਾਸ ਅਤੇ ਵਿਰਸੇ ਬਾਰੇ ਗਿਆਨ ਦਾ ਪਾਸਾਰ ਕਰਨਾ ਨਗਰ ਕੀਰਤਨ ਦਾ ਮਨੋਰਥ ਹੈ, ਨਾ ਕਿ ਮੌਜ-ਮੇਲਿਆਂ ਨੂੰ ਨਗਰ ਕੀਰਤਨ ਆਖਣਾ ਠੀਕ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਦਿਹਾੜੇ ਦੇ ਮੁਕੰਮਲ ਇਤਿਹਾਸ ਤੋਂ ਭਾਵਪੂਰਤ ਢੰਗ ਨਾਲ ਜਾਣੂ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਆਪ ਨੂੰ ਆਪਣੇ ਮਹਾਨ ਵਿਰਸੇ ਦੀ ਸੋਝੀ ਹੋਵੇ। ਜਿਹੜੇ ਸਕੂਲਾਂ- ਅਕੈਡਮੀਆਂ ਦੇ ਬੱਚੇ ਇਤਿਹਾਸ ਦੀ ਜਾਣਕਾਰੀ ਨਾਲ ਸਜ-ਧਜ ਕੇ ਖਾਲਸਾਈ ਪਹਿਰਾਵੇ ਵਿੱਚ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹਨ, ਉਨ੍ਹਾਂ ਦੇ ਮਾਪੇ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਮੌਕੇ ਹਉਮੈ, ਹੰਕਾਰ ਅਤੇ ਕ੍ਰੋਧ ਦੀ ਥਾਂ ਨਿਮਰਤਾ, ਸਤਿਕਾਰ ਅਤੇ ਪ੍ਰੇਮ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਨਗਰ ਕੀਰਤਨ ਦੀ ਸ਼ਾਨ ਅਤੇ ਗੁਰੂ ਦੇ ਸਤਿਕਾਰ ਦੇ ਧਾਰਨੀ ਹੋ ਸਕਦੇ ਹਾਂ।

Daljit Singh Sandhu says
Congratulations to the Entire Canadian Parliament, federal & all State Assemblies of CANADA 🇨🇦 & CANADIAN PUBLIC Specially SIKH COMMUNITY for having Celebrations theAPRIL month as SIKH’s HERITAGE Month