
ਚੰਡੀਗੜ੍ਹ- ਅੱਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਵਰ੍ਹੇ 2025-26 ਲਈ ਬਜਟ ਪੇਸ਼ ਕੀਤਾ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਬਜਟ ਹਰ ਵਰਗ ਦੀ ਤਰੱਕੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ।
ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਬਜਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ, “ਮਾਨ ਸਰਕਾਰ ਵੱਲੋਂ ਇਸ ਬਜਟ ‘ਚ ਅਨੁਸੂਚਿਤ ਜਾਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਵੱਲੋਂ 31 ਮਾਰਚ 2020 ਤੱਕ ਲਏ ਗਏ ਸਾਰੇ ਕਰਜ਼ਿਆਂ ਨੂੰ ਮੁਆਫ਼ ਕਰਨ ਦਾ ਸਰਕਾਰ ਦਾ ਫ਼ੈਸਲਾ ਸ਼ਲਾਘਾਯੋਗ ਹੈ। ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ, ਦਲਿਤ ਵਰਗ, ਬੱਚਿਆਂ, ਬੇਸਹਾਰਾ ਔਰਤਾਂ ਅਤੇ ਵਿਧਵਾਵਾਂ ਲਈ ਵੀ ਮਾਨ ਸਰਕਾਰ ਨੇ ਇਸ ਬਜਟ ‘ਚ ਕਈ ਅਹਿਮ ਫ਼ੈਸਲੇ ਲਏ ਹਨ।”
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਵਿੱਤੀ ਵਰ੍ਹੇ 2025-2026 ‘ਚ ਸੂਬੇ ਦੀ ਤਰੱਕੀ ਲਈ ‘2 ਲੱਖ 36 ਹਜ਼ਾਰ 80 ਕਰੋੜ ਰੁਪਏ’ ਦੀ ਤਜਵੀਜ਼ ਰੱਖੀ ਗਈ, ਜਿਸਦੇ ਨਾਲ਼ ਆਉਣ ਵਾਲੇ ਸਮੇਂ ‘ਚ ਸੂਬੇ ਅੰਦਰ ਤਰੱਕੀ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ।
‘ਬਦਲਦਾ ਪੰਜਾਬ ਬਜਟ’ 2025-26 ਸਦਕਾ ਖੇਡਾਂ ਵੱਲ ਵਧੇਗਾ ਪੰਜਾਬ
ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ਼ ਜੋੜਨ ਲਈ ‘ਖੇਡਦਾ ਪੰਜਾਬ ਬਦਲਦਾ ਪੰਜਾਬ’ ਦੀ ਹੋਵੇਗੀ ਸ਼ੁਰੂਆਤ।
ਨੌਜਵਾਨਾਂ ਦੀ ਖੇਡ ਪ੍ਰਤਿਭਾ ਵਧਾਉਣ ਲਈ ਸੂਬੇ ਦੇ ਪਿੰਡਾਂ ‘ਚ ਬਣੇਗਾ ਖੇਡ ਮੈਦਾਨ।
ਹਰ ਇੱਕ ਪਿੰਡ ‘ਚ ਬਣੇਗਾ ਰਨਿੰਗ ਟਰੈਕ, ਛੋਟੇ ਬੱਚਿਆਂ ਲਈ ਵੱਖਰਾ ਖੇਡ ਮੈਦਾਨ ਜੋ ਸੋਲ੍ਹਰ ਲਾਈਟਿੰਗ ਉੱਤਮ ਕੁਆਲਟੀ ਦੇ ਉਪਕਰਣਾਂ ਆਦਿ ਸੇਵਾਵਾਂ ਨਾਲ਼ ਹੋਣਗੇ ਲੈਸ।
ਹਰ ਖੇਡ ਮੈਦਾਨਾਂ ਅੰਦਰ ਵਾਲੀਬਾਲ, ਹਾਕੀ, ਕੱਬਡੀ ਆਦਿ ਵਰਗੀਆਂ ਖੇਡਾਂ ਲਈ ਮੁਹੱਈਆ ਕਾਰਵਾਈਆਂ ਜਾਣਗੀਆਂ ਸਹੂਲਤਾਂ।
ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਾਇਲਟ ਪ੍ਰੋਜੈਕਟ ਵਜੋਂ 87 ਵਾਲੀਬਾਲ ਦੇ ਖੇਡ ਸਟੇਡੀਅਮ ਕਰਵਾਏ ਜਾ ਚੁੱਕੇ ਹਨ ਸ਼ੁਰੂ।
ਇਸੇ ਲੜੀ ਤਹਿਤ ਸੂਬੇ ਦੇ ਵੱਖ-ਵੱਖ ਪਿੰਡਾਂ ‘ਚ ਖੋਲ੍ਹੇ ਜਾਣਗੇ 3,000 ਇਨਡੋਰ ਨਵੇਂ ਜਿੰਮ।
ਸਿਹਤਮੰਦ ਪੰਜਾਬ ਲਈ ਵਿੱਤੀ ਸਾਲ 2025-26 ਵਿੱਚ 268 ਕਰੋੜ ਦੇ ਬਜਟ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ।
ਖਜ਼ਾਨਾ ਮੰਤਰੀ ਨੇ ਕਿਹਾ ਕਿ ਰਾਜ ਸਿਹਤ ਬੀਮਾ ਯੋਜਨਾ ਤਹਿਤ 65 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ। ਜਿਸ ਤਹਿਤ 10 ਲੱਖ ਰੁਪਏ ਦਾ ਕਵਰ ਕੀਤਾ ਜਾ ਰਿਹਾ ਹੈ।ਇਸ ਲਈ 778 ਕਰੋੜ ਰੁਪਏ ਰੱਖੇ ਜਾਣਗੇ ।
ਪੰਜਾਬ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ਤਹਿਤ ਵੱਖ-ਵੱਖ ਉਦਯੋਗਾਂ ਨੂੰ ਵਿੱਤੀ ਪ੍ਰੋਤਸਾਹਨ ਦੇਣ ਲਈ 250 ਕਰੋੜ ਰੁਪਏ ਦੇ ਬਜਟ ਦੀ ਤਜ਼ਵੀਜ਼ ਰੱਖੀ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਬਜਟ 2025-26 ਲਈ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ 268 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।
ਸੈਰ-ਸਪਾਟਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਜਟ ਵਿੱਚ ਖਾਸ ਜ਼ਿਕਰ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਵਿੱਤੀ ਸਾਲ 2025-26 ਦੌਰਾਨ ਰਾਜ ਪੱਧਰ ‘ਤੇ ਯਾਦਗਾਰੀ ਸਮਾਗਮਾਂ ਦੀ ਲੜੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗੁਰੂ ਸਾਹਿਬ ਦੀਆਂ ਯਾਤਰਾਵਾਂ ਨਾਲ ਸਬੰਧਤ ਸਥਾਨਾਂ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।
ਅਨੁਸੂਚਿਤ ਜਾਤੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਰਾਹਤ!
ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਦਲਿਤ ਵਰਗ ਲਈ ਵਿੱਤੀ ਸਾਲ 2025-26 ਲਈ ₹13,937 ਕਰੋੜ ਰੁਪਏ ਰਾਖਵੇਂ !
PSCFC ਤੋਂ 31 ਮਾਰਚ 2020 ਤੱਕ ਲਏ ਗਏ ਸਾਰੇ ਕਰਜ਼ਿਆਂ ਨੂੰ ਕੀਤਾ ਮੁਆਫ਼ !
ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਰਜ਼ਾ ਮੁਆਫ਼ੀ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ ।
