
ਛੱਪੜਾਂ ਦੀ ਸਫ਼ਾਈ ਦੀ ਸੂਬਾ ਪੱਧਰੀ ਮੁਹਿੰਮ ਤੇਜ਼ੀ ਨਾਲ਼ ਜਾਰੀ
ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,“ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਛੱਪੜਾਂ ਦੇ ਆਧੁਨਿਕੀਕਰਨ ਦੀ ਸੂਬਾ ਪੱਧਰੀ ਸਫ਼ਾਈ ਮੁਹਿੰਮ ਸਰਕਾਰ ਵੱਲੋਂ ਜਾਰੀ ਬਜਟ ਤੋਂ ਬਾਅਦ ਤੇਜ਼ੀ ਨਾਲ਼ ਜਾਰੀ ਹੈ। ਇਸ ਤਹਿਤ ਥਾਪਰ ਜਾਂ ਸੀਚੇਵਾਲ ਮਾਡਲ ਦੇ ਸਫ਼ਾਈ ਪਲਾਂਟਾਂ ਦੀ ਸਥਾਪਨਾ ਰਾਹੀਂ ਛੱਪੜਾਂ ਦੀ ਸਫ਼ਾਈ ਦਾ ਪੱਕਾ ਹੱਲ ਹੋਵੇਗਾ ਅਤੇ ਨਾਲ਼ ਸਿੰਜਾਈ ਦਾ ਵੀ ਲਾਭ ਹਾਸਲ ਹੋਵੇਗਾ।” ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿੰਡਾਂ ਦੇ ਟੋਭਿਆ ਦੀ ਸਫ਼ਾਈ ਨੂੰ ਧਿਆਨ ‘ਚ ਰੱਖਦੇ ਹੋਏ ਬਜਟ ਜਾਰੀ ਕੀਤਾ ਹੈ। ਅਸੀਂ ਸੀਚੇਵਾਲ ਮਾਡਲ ਅਤੇ ਥਾਪਰ ਮਾਡਲ ਤਹਿਤ ਪਿੰਡਾਂ ਦੇ ਟੋਭਿਆਂ ਨੂੰ ਸਾਫ਼ ਕਰਾਂਗੇ। ਲਗਭਗ 15,000 ਟੋਭਿਆਂ ਦਾ ਪਾਣੀ ਟ੍ਰੀਟ ਕਰਕੇ ਖੇਤਾਂ ਦੀ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਝੋਨੇ ਦੀ ਫ਼ਸਲ ਲਈ ਬਿਜਲੀ ਤੇ ਪਾਣੀ ਦੀ ਕੋਈ ਘਾਟ ਨਹੀਂ ਹੈ। ਪਰ ਕਿਸਾਨਾਂ ਨੂੰ ਅਪੀਲ ਹੈ ਕਿ ਨਹਿਰੀ ਪਾਣੀ ਦੀ ਜ਼ਿਆਦਾ ਵਰਤੋਂ ਕਰੋ। ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੜਾ ਅਫ਼ਸੋਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਧਿਆਨ ਨਹੀਂ ਦਿੱਤਾ। ਪਰ ਅਸੀਂ ਸੂਏ, ਖਾਲ਼ਾਂ ਅਤੇ ਰਜਵਾਹਿਆਂ ਨੂੰ ਮੁੜ ਤੋਂ ਚਾਲੂ ਕਰਕੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ। ਅਸੀਂ ਇਸ ਸਮੇਂ 65 ਫੀਸਦ ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਾਂ।
