ਸਰੀ,ਕੈਨੇਡਾ- ਸਰੀ ਸ਼ਹਿਰ ਦੀ ਮਾਣਮੱਤੀ ਸ਼ਖ਼ਸੀਅਤ ਜਰਨੈਲ ਸਿੰਘ ਆਰਟਿਸਟ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨਾਲ ਸਥਾਨਕ ਲੇਖਕ, ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬੀ ਪ੍ਰੈੱਸ ਕਲੱਬ ਸਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਦਾਰ ਜਰਨੈਲ ਸਿੰਘ ਆਰਟਿਸਟ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਗਏ ਹੋਏ ਸਨ। ਉੱਥੇ ਉਹ ਪੀਲੀਏ ਕਾਰਨ ਫੋਰਟਿਸ ਹਸਪਤਾਲ ‘ਚ ਇਲਾਜ ਅਧੀਨ ਰਹੇ, ਫਿਰ ਘਰ ਆ ਗਏ ਤੇ ਹੁਣ ਖ਼ਬਰ ਮਿਲੀ ਹੈ ਕਿ ਉਹ ਅਚਾਨਕ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ।
ਸਰਦਾਰ ਜਰਨੈਲ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਬੇਹੱਦ ਨਫ਼ੀਸ ਇਨਸਾਨ ਸਨ । ਕਲਾ ਦੀ ਦੁਨੀਆਂ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਆਰਟਿਸਟ ਜਰਨੈਲ ਸਿੰਘ ਤਕਰੀਬਨ 24 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਆ ਗਏ ਸਨ। ਉਹ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਸਨ, ਜਿੱਥੇ ਉਨ੍ਹਾਂ ਆਪਣੀ ਇੱਕ ਕਲਾ ਅਕੈਡਮੀ ਖੋਲ੍ਹੀ ਹੋਈ ਸੀ । ਸਰੀ ਸ਼ਹਿਰ ਵਿਖੇ ਉਹਨਾਂ ਦਾ ਇਹ ਟਿਕਾਣਾ ਅਦਬੀ ਮਹਿਫਲਾਂ ਦਾ ਮਰਕਜ਼ ਬਣਿਆ ਹੋਇਆ ਸੀ। ਜਰਨੈਲ ਸਿੰਘ ਆਰਟਿਸਟ ਹੁਰਾਂ ਨੂੰ ਬਹੁਤ ਵੱਡੇ ਮਾਣ/ ਸਨਮਾਨ ਹਾਸਲ ਹੋਏ ਪਰੰਤੂ ਉਹ ਹਮੇਸ਼ਾ ਹਲੀਮੀ ਨਾਲ ਵਿਚਰਦੇ ਰਹੇ ।
ਸਰਦਾਰ ਜਰਨੈਲ ਸਿੰਘ ਉੁੱਘੇ ਸਿੱਖ ਚਿੱਤਰਕਾਰ ਸਰਦਾਰ ਕ੍ਰਿਪਾਲ ਸਿੰਘ ਹੁਰਾਂ ਦੇ ਬੇਟੇ ਸਨ ।ਸਰਦਾਰ ਜਰਨੈਲ ਸਿੰਘ ਤਕਰੀਬਨ ਸੱਤਰ ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।ਉਹ ਆਪਣੇ ਪਿੱਛੇ ਪਤਨੀ, ਬੇਟੀ, ਬੇਟਾ ਅਤੇ ਦੋਸਤਾਂ-ਮਿੱਤਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਸਰਦਾਰ ਜਰਨੈਲ ਸਿੰਘ ਆਰਟਿਸਟ ਹੁਰਾਂ ਦੇ ਬੇਵਕਤ ਵਿਛੋੜਾ ਦੇ ਜਾਣ ਨਾਲ ਪਰਿਵਾਰ, ਪੰਜਾਬੀ ਕਲਾ ਜਗਤ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।