
ਚੰਡੀਗੜ੍ਹ- ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕੀਤੀ। ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਅਤੇ ਵਧੀਆ ਇਲਾਜ ਮਿਲੇਗਾ।
ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਹੁਣ ਹਰ ਪਰਿਵਾਰ ਦੇ ਹਰ ਜੀਅ ਦਾ ਹੈਲਥ ਕਾਰਡ ਬਣੇਗਾ, ਜਿਸ ‘ਤੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ। ਇਹ ਸਾਰਾ ਪੈਸਾ ਪੰਜਾਬ ਸਰਕਾਰ ਦੇਵੇਗੀ। ਕਿਸੇ ਨੂੰ ਕੋਈ ਨੀਲਾ ਪੀਲਾ ਕਾਰਡ ਦਿਖਾਉਣ ਦੀ ਲੋੜ ਨਹੀਂ ਪਵੇਗੀ। 2 ਅਕਤੂਬਰ ਤੋਂ ਇਹ ਸਹੂਲਤ ਪੰਜਾਬ ਭਰ ‘ਚ ਲਾਗੂ ਹੋ ਜਾਵੇਗੀ। ਹਰ ਪਿੰਡ ਤੇ ਸ਼ਹਿਰ ‘ਚ ਅਧਿਕਾਰੀ ਆ ਕੇ ਸਾਰਿਆਂ ਦਾ ਹੈਲਥ ਕਾਰਡ ਬਣਾ ਕੇ ਜਾਣਗੇ, ਉਹ ਹੈਲਥ ਕਾਰਡ ਸਾਰੇ ਹਸਪਤਾਲਾਂ ‘ਚ ਚੱਲੇਗਾ ਤੇ ਪੰਜਾਬੀਆਂ ਨੂੰ ਮੁਫ਼ਤ ਤੇ ਬਿਹਤਰ ਇਲਾਜ ਮਿਲੇਗਾ!
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ MMSY ਹੈੱਲਥ ਕਾਰਡ ਜਾਰੀ ਕੀਤੇ ਜਾਣਗੇ। ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਮੁਫ਼ਤ ਅਤੇ ਕੈਸ਼ਲੈੱਸ ਇਲਾਜ ਮਿਲੇਗਾ। ਪੰਜਾਬ ਨੂੰ ਸਿਹਤ ਪੱਖੋਂ ਮਿਆਰੀ ਸਹੂਲਤਾਂ ਪ੍ਰਦਾਨ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ, ਜਿਸ ਨੂੰ ਅਸੀਂ ਤਨਦੇਹੀ ਨਾਲ ਨਿਭਾ ਰਹੇ ਹਾਂ।
