
ਨਵੀਂ ਦਿੱਲੀ- ਅਮਰੀਕਾ ਦੀ ਵਿਚੋਲਗੀ ਮਗਰੋਂ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ । ਦੋਹਾਂ ਦੇਸ਼ਾਂ ਦਰਮਿਆਨ ਅਮਰੀਕਾ ਨੇ ਸੁਲ੍ਹਾ ਕਰਵਾ ਦਿੱਤੀ ਹੈ । ਇਸ ਸਹਿਮਤੀ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ, “ਭਾਰਤ ਅਤੇ ਪਾਕਿਸਤਾਨ ਇੱਕ ਮੁਕੰਮਲ ਅਤੇ ਫੌਰੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ।”
ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਅਮਰੀਕੀ ਸਦਰ ਟਰੰਪ ਨੇ ਕਿਹਾ, “ਅਮਰੀਕਾ ਦੀ ਵਿਚੋਲਗੀ ਨਾਲ ਰਾਤ ਭਰ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਮੁਕੰਮਲ ਅਤੇ ਫ਼ੌਰਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ।ਦੋਵਾਂ ਦੇਸ਼ਾਂ ਨੂੰ ਸਾਂਝੀ ਸਮਝ ਅਤੇ ਸੂਝ-ਬੂਝ ਦੀ ਵਰਤੋਂ ਕਰਨ ਲਈ ਮੁਬਾਰਕਾਂ।ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ!”
ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਜੰਗਬੰਦੀ ਦੀ ਪੁਸ਼ਟੀ ਕੀਤੀ ਗਈ ਹੈ। ਅਮਰੀਕਾ ਦੇ ਦਖਲ ਦੇਣ ਮਗਰੋਂ ਦੋਹਾਂ ਦੇਸਾਂ ਦੇ ਫ਼ੌਜੀ ਅਧਿਕਾਰੀਆਂ ਦੀ ਮੀਟਿੰਗ ਵਿੱਚ ਆਪਸੀ ਸਹਿਮਤੀ ਨਾਲ ਜੰਗਬੰਦੀ ਦਾ ਫੈਸਲਾ ਹੋਇਆ ਹੈ ।
ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਕਿਹਾ, “ਪਾਕਿਸਤਾਨ ਫੌਜੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੇ ਭਾਰਤ ਦੇ ਫੌਜੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੂੰ ਦੁਪਹਿਰ 3:35 ਵਜੇ ਫੋਨ ਕੀਤਾ, ਦੋਵਾਂ ਵਿੱਚ ਇਹ ਸਹਿਮਤੀ ਹੋਈ ਕਿ ਦੋਵੇਂ ਧਿਰਾਂ ਸਾਰੀ ਗੋਲੀਬਾਰੀ ਅਤੇ ਧਰਤੀ, ਹਵਾ, ਸਮੁੰਦਰ ਉੱਤੇ ਫੌਜੀ ਕਾਰਵਾਈ ਰੋਕ ਦੇਣਗੀਆਂ।
ਉਨ੍ਹਾਂ ਕਿਹਾ ਕਿ ਇਹ ਜੰਗਬੰਦੀ 5 ਵਜੇ ਤੋਂ ਲਾਗੂ ਹੋ ਗਈ ਹੈ ਅਤੇ ਦੋਹਵੇਂ ਦੇਸ਼ਾਂ ਦੇ ਮਿਲਟਰੀ ਅਧਿਕਾਰੀ 12 ਮਈ ਨੂੰ ਦੁਬਾਰਾ ਇਸ ਬਾਰੇ ਗੱਲ ਕਰਨਗੇ।
ਜੰਗਬੰਦੀ ਦੇ ਬਾਵਜੂਦ ਦੋਵਾਂ ਧਿਰਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਜੰਗਬੰਦੀ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ ।

