ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤ ਅਤੇ ਪਾਕਿਸਤਾਨ ਉਪਰ ਗੰਭੀਰ ਇਲਜ਼ਾਮ ਲਗਾਏ ਹਨ। ਖੁਫੀਆ ਏਜੰਸੀ ਵਲੋਂ ਜਨਤਕ ਕੀਤੇ ਦਸਤਾਵੇਜ਼ਾਂ ਵਿੱਚ ਅਜਿਹਾ ਖੁਲਾਸਾ ਕੀਤਾ ਗਿਆ ਹੈ। ਏਜੰਸੀ CSIS ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ 2019 ਅਤੇ 2021 ਵਿੱਚ ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਸੀ।
ਕੈਨੇਡੀਅਨ ਸਿਕਿਓਰਿਟੀ ਇੰਟੈਲੀਜੈਂਸ ਸਰਵਿਸ (CSIS) ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ , 2021 ਵਿੱਚ, ਭਾਰਤ ਦਾ ਕੈਨੇਡਾ ਵਿੱਚ ਆਪਣੇ ਇੱਕ ਲੁਕਵੇਂ ਏਜੰਟ (proxy agent) ਦੀ ਵਰਤੋਂ ਕਰਨ ਸਮੇਤ, ਦਖਲਅੰਦਾਜ਼ੀ ਕਰਨ ਅਤੇ ਸੰਭਾਵਤ ਤੌਰ ‘ਤੇ ਗੁਪਤ ਸਰਗਰਮੀਆਂ ਚਲਾਉਣ ਦਾ ਇਰਾਦਾ ਸੀ। ਦੋ ਸਾਲ ਪਹਿਲਾਂ, 2019 ਵਿੱਚ, ਪਾਕਿਸਤਾਨ ਸਰਕਾਰ ਦੇ ਕੈਨੇਡਾ ਚ ਮੌਜੂਦ ਅਧਿਕਾਰੀਆਂ ਨੇ ਕੈਨੇਡਾ ਵਿੱਚ ਪਾਕਿਸਤਾਨ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੈਨੇਡੀਅਨ ਫ਼ੈਡਰਲ ਰਾਜਨੀਤੀ ਨੂੰ ਗੁਪਤ ਰੂਪ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਹ ਨਵੇਂ ਦਸਤਵੇਜ਼ ਉਹਨਾਂ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ ਜੋ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਬਾਰੇ ਫ਼ੈਡਰਲ ਕਮਿਸ਼ਨ ਅੱਗੇ ਪੇਸ਼ ਕੀਤੇ ਗਏ ਹਨ। ਜਨਤਕ ਕਮਿਸ਼ਨ 2019 ਅਤੇ 2021 ਦੀਆਂ ਫ਼ੈਡਰਲ ਚੋਣਾਂ ਵਿੱਚ ਚੀਨ, ਭਾਰਤ, ਰੂਸ ਅਤੇ ਹੋਰਾਂ ਦੁਆਰਾ ਸੰਭਾਵਿਤ ਦਖਲਅੰਦਾਜ਼ੀ ਦੀ ਪੜਤਾਲ ਕਰ ਰਿਹਾ ਹੈ।
CSIS ਦੇ ਡਾਇਰੈਕਟਰ ਡੇਵਿਡ ਵਿਗਨੌਲਟ ਨੇ ਜਾਂਚ ਕਮਿਸ਼ਨ ਨੂੰ ਦੱਸਿਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਖੁਫੀਆ ਜਾਣਕਾਰੀ ਪੂਰੀ ਤਰਾਂ ਸਹੀ ਸਾਬਿਤ ਹੋਵੇ ! ਉਹਨਾਂ ਮੁਤਾਬਕ ਜਾਣਕਾਰੀ ਦੀ ਹੋਰ ਪੜਤਾਲ ਵੀ ਕੀਤੀ ਜਾ ਸਕਦੀ ਹੈ।
CSIS ਨੇ ਆਪਣੇ ਸਾਰ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਦੇ ਲੁਕਵੇਂ ਏਜੰਟਾਂ ਨੇ ਭਾਰਤ-ਪੱਖੀ ਉਮੀਦਵਾਰਾਂ ਨੂੰ ਗ਼ੈਰ-ਕਾਨੂੰਨੀ ਵਿੱਤੀ ਸਹਾਇਤਾ ਦੇ ਕੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। CSIS ਮੁਤਾਬਕ ਇਸ ਤਰ੍ਹਾਂ ਦੇ ਕਿਸੇ ਵਿੱਤੀ ਯੋਗਦਾਨ ਬਾਰੇ ਉਮੀਦਵਾਰ ਵੀ ਅਣਜਾਣ ਹੋ ਸਕਦਾ ਹੈ। CSIS ਦੇ ਦਸਤਾਵੇਜ਼ ਵਿਚ ਉਹਨਾਂ ਖਾਸ ਹਲਕਿਆਂ ਜਾਂ ਉਮੀਦਵਾਰਾਂ ਦੀ ਪਛਾਣ ਨਹੀਂ ਕੀਤੀ ਗਈ ਜਿਨ੍ਹਾਂ ਵਿਚ 2021 ਵਿੱਚ ਭਾਰਤ ਦੀ ਦਖਲਅੰਦਾਜ਼ੀ ਹੋਈ ਹੋ ਸਕਦੀ ਹੈ।
CSIS ਅਨੁਸਾਰ ਪ੍ਰੌਕਸੀ ਏਜੰਟ (ਲੁਕਵੇਂ ਏਜੰਟ) ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਵਿਦੇਸ਼ੀ ਸਰਕਾਰ ਤੋਂ ਸਪੱਸ਼ਟ ਅਤੇ/ਜਾਂ ਅਪ੍ਰਤੱਖ ਦਿਸ਼ਾ ਨਿਰਦੇਸ਼ ਲੈਂਦਾ ਹੈ, ਪਰ ਆਪਣੀਆਂ ਸਰਗਰਮੀਆਂ ਅਤੇ ਇੱਕ ਵਿਦੇਸ਼ੀ ਸਰਕਾਰ ਦੇ ਵਿਚਕਾਰ ਸਬੰਧਾਂ ਨੂੰ ਗੁਪਤ ਰੱਖਦਾ ਹੈ। ਖੁਫੀਆ ਏਜੰਸੀ ਮੁਤਾਬਕ ਪ੍ਰੌਕਸੀ ਏਜੰਟ ਕੈਨੇਡਾ ਵਿੱਚ ਮੌਜੂਦ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਕਿਸੇ ਖਾਸ ਡਾਇਸਪੋਰਾ ਭਾਈਚਾਰੇ ਨਾਲ ਸਬੰਧਤ ਹੋਣ।
ਖੁਫੀਆ ਏਜੰਸੀ ਵਲੋਂ ਦਸਤਾਵੇਜ਼ ਜਨਤਕ ਕਰਨ ਮਗਰੋਂ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕੀਤੇ ਗਏ ਇਕ ਸੁਆਲ ਦੇ ਜੁਆਬ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸੁਰੱਖਿਆ ਅਤੇ ਸਰਕਾਰੀ ਤੰਤਰ ਦੋਵੇਂ ਕਈ ਸਾਲਾਂ ਤੋਂ ਜਾਣਦੇ ਹਨ ਕਿ ਕਈ ਵੱਖ-ਵੱਖ ਦੇਸ਼ ਕੈਨੇਡੀਅਨ ਸੰਸਥਾਵਾਂ ,ਯੂਨੀਵਰਸਿਟੀਆਂ ਅਤੇ ਕਾਰੋਬਾਰਾਂ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਣ ਦੇ ਯਤਨ ਹੋਰ ਤੇਜ਼ ਕਰ ਦਿੱਤੇ ਹਨ ।
Jaswant Brar says
Very good initiative to Publish small portion in Punjabi. That will grow soon.