
ਰੱਬੀ ਦਾਤਾਂ ਦਾ ਸ਼ੁਕਰਾਨਾ
ਮਹਾਨ ਲਿਖਾਰੀ ਸ. ਨਰਿੰਦਰ ਸਿੰਘ ਕਪੂਰ ਦੀ ਲਿਖੀ ਇੱਕ ਪੰਗਤੀ ਮੈਨੂੰ ਕਦੀ ਨਹੀਂ ਭੁੱਲਦੀ ਕਿ,” ਅਗਰ ਤਾਰੇ ਸਾਲ ਵਿੱਚ ਸਿਰਫ ਇੱਕ ਵਾਰ ਨਿਕਲਦੇ ਤੇ ਓਹ ਦਿਨ ਤਿਉਹਾਰ ਵਰਗਾ ਹੁੰਦਾ ।” ਕਿੰਨਾ ਵਜ਼ਨ ਹੈ ਇਸ ਕਥਨ ਵਿੱਚ । ਸੋਚ ਕੇ ਦੇਖੋ, ਫਿਰ ਤੇ ਸਾਰਾ ਸਾਲ ਅਸੀਂ ਓਸ ਦਿਨ ਦਾ ਇੰਤਜ਼ਾਰ ਕਰਦੇ ।ਥਾਂ-ਥਾਂ ਤੇ ਇਕੱਠ ਹੁੰਦੇ, ਮੇਲੇ ਲੱਗਦੇ ਕੁਦਰਤ ਦੀ ਇਸ ਬੇਸ਼ਕੀਮਤੀ ਘਟਨਾ ਨੂੰ ਦੇਖਣ ਵਾਸਤੇ । ਜਿੱਦਾਂ ਹੀ ਸ਼ਾਮ ਢਲਦੀ ਅਸੀਂ ਸਾਰੇ ਆਪਣੇ ਕੈਮਰਿਆਂ ਸਮੇਤ ਖੁੱਲੀਆਂ ਥਾਵਾਂ ਤੇ ਪਹੁੰਚ ਜਾਂਦੇ । ਜਿਸ ਤਰ੍ਹਾਂ ਹੀ ਪਹਿਲਾ ਤਾਰਾ ਨਿਕਲਦਾ ,ਢੋਲ ਵੱਜਣ ਲੱਗ ਜਾਂਦੇ,ਭੰਗੜੇ ਪੈਣ ਲੱਗ ਜਾਂਦੇ, ਕੁਲ ਜਹਾਨ ਨੱਚਣ ਲੱਗ ਜਾਂਦਾ । ਹੌਲੀ-ਹੌਲੀ ਅਸਮਾਨ ਤਾਰਿਆਂ ਨਾਲ ਭਰ ਜਾਂਦਾ ਅਤੇ ਨਾਲ ਹੀ ਹਰ ਸ਼ਖ਼ਸ ਖੁਸ਼ੀ ਤੇ ਖੁਮਾਰੀ ਨਾਲ ।
ਕਹਿਣ ਦਾ ਮਤਲਬ ਕੁਦਰਤ ਦੀਆਂ ਬੇਅੰਤ ਦਾਤਾਂ ਜਿਹੜੀਆਂ ਸਾਨੂੰ ਸਹਿਜੇ ਹੀ ਉਪਲਬਧ ਹਨ ਅਸੀਂ ਉਹਨਾਂ ਨੂੰ ਮਾਣਦੇ ਨਹੀਂ ।
ਠੀਕ ਇਸੇ ਤਰ੍ਹਾਂ ਮਾਲਿਕ ਨੇ ਬੜਾ ਕੀਮਤੀ ਮਨੁੱਖੀ ਸਰੀਰ ਦਿੱਤਾ ਹੈ ਜਿਹੜਾ ਬੇਅੰਤ ਦਾਤਾਂ ਨਾਲ ਭਰਿਆ ਹੈ ਪਰ ਕਿਉਂਕਿ ਇਹ ਸਹਿਜੇ ਹੀ ਮਿਲਿਆ ਹੈ ਅਸੀਂ ਇਸ ਦੀ ਕੀਮਤ ਤੋਂ ਅਣਜਾਣ ਹਾਂ । ਪੰਜ ਗਿਆਨ ਇੰਦ੍ਰੀਆਂ ਦੀ ਹੀ ਗੱਲ ਕਰ ਲਵੋ – ਅੱਖਾਂ,ਨੱਕ,ਕੰਨ,ਜੀਭ,ਚਮੜੀ ਯਾਨੀ ਕਿ ਦੇਖਣਾ,ਸੁੰਘਣਾ,ਸੁਣਨਾ,ਸਵਾਦ ਅਤੇ ਸਪਰਸ਼। ਇਹ ਇੰਦ੍ਰੀਆਂ ਬੜੀਆਂ ਅਨਮੋਲ ਹਨ । ਐਡਾ ਵੱਡਾ ਖਜ਼ਾਨਾ ਲਈ ਫਿਰਦੀ ਹਾਂ ਇਸਦਾ ਪਤਾ ਓਦੋਂ ਹੀ ਲੱਗਾ ਜਦੋਂ ਇਹਨਾਂ ਵਿੱਚੋਂ ਦੋ ਗਿਆਨ ਇੰਦ੍ਰੀਆਂ ਖੁੱਸ ਗਈਆਂ ।
ਮੇਰੀ ਬ੍ਰੇਨ ਸਰਜਰੀ ਹੋਈ ।ਡਾਕਟਰ ਸਾਹਿਬ ਨੇ ਸਰਜਰੀ ਤੋਂ ਪਹਿਲਾਂ ਬਹੁਤ ਕੁਝ ਦੱਸਿਆ ਜੋ ਸਰਜਰੀ ਦੌਰਾਨ ਵਾਪਰ ਸਕਦਾ ਸੀ । ਜਿਸ ਵਿੱਚ ਇੱਕ ਇਹ ਵੀ ਸੀ ਕਿ ਮੇਰੀ ਸੁੰਘਣ ਸ਼ਕਤੀ ਜਾ ਸਕਦੀ ਹੈ । ਮੈਂ ਆਪਣੇ-ਆਪ ਨੂੰ ਪਰਮਾਤਮਾ ਦੇ ਸੁਪੁਰਦ ਕਰ ਦਿੱਤਾ ਅਤੇ ਸਾਢੇ ਅੱਠ ਘੰਟਿਆਂ ਦੀ ਡਾਕਟਰਾਂ ਦੀ ਤਪੱਸਿਆ ਕਾਮਯਾਬ ਹੋਈ । ਦੋ ਦਿਨ ਬਾਅਦ ਹੋਸ਼ ਆਈ ਤਾਂ ਡਾਕਟਰ ਸਾਹਿਬ ਨੇ ਦੱਸਿਆ,”ਤੁਹਾਡੀ ਸੁੰਘਣ ਸ਼ਕਤੀ ਨਹੀਂ ਰਹੀ ।” ਮੈਂ ਖੁਸ਼ੀ ਵਿੱਚ ਖੀਵੀ ਹੁੰਦੀ ਹੋਈ ਨੇ ਪਰਮਾਤਮਾ ਦਾ ਅਤੇ ਡਾਕਟਰ ਸਾਹਿਬ ਦਾ ਧੰਨਵਾਦ ਕਰ ਕੇ ਕਿਹਾ,” ਡਾਕਟਰ ਸਾਹਿਬ ਮੈਂ ਤਾਂ ਹੈਗੀ ਹਾਂ । ਬਾਕੀ ਸਾਰਾ ਕੁਝ ਬੱਚ ਗਿਆ ਹੈ । ਸ਼ੁਕਰ ਹੈ ਦਾਤੇ ਦਾ ।”
ਅੱਜ ਵੀ ਇਹ ਗੱਲ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ,”ਸ਼ੁਕਰ ਦਾਤਿਆ ਤੁਸੀਂ ਮੈਨੂੰ ਦੂਜਾ ਜਨਮ ਦਿੱਤਾ ਅਤੇ ਤੁਹਾਡੀ ਬਣਾਈ ਦੁਨੀਆਂ ਖੁਸ਼ਬੂਆਂ ਨਾ ਹੋਣ ਤੇ ਮੈਨੂੰ ਸੋਹਣੀ ਤੇ ਪਿਆਰੀ ਲੱਗਦੀ ਹੈ ।”
ਇੱਥੇ ਇੱਕ ਗੱਲ ਇਹ ਵੀ ਦੱਸ ਦਵਾਂ ਕਿ ਸਵਾਦ ਵੀ ਸੁੰਘਣ ਸ਼ਕਤੀ ਨਾਲ ਹੀ ਆਉਂਦਾ ਹੈ, ਜੇ ਸੁੰਘਣ ਸ਼ਕਤੀ ਨਹੀਂ ਤੇ ਸਵਾਦ ਵੀ ਨਹੀਂ ।
ਹੁਣ ਕਪੂਰ ਸਾਹਿਬ ਦੀ ਗੱਲ ਨੂੰ ਹੋਰ ਵੀ ਅਰਥ ਮਿਲ ਜਾਂਦੇ ਹਨ । ਓਹ ਦਿਨ ਸੱਚਮੁੱਚ ਕਿਸੇ ਮੇਲੇ,ਕਿਸੇ ਤਿਓਹਾਰ ਵਰਗਾ ਹੋਵੇਗਾ ਜਿਸ ਦਿਨ ਮੇਰੀ ਸੁੰਘਣ ਸ਼ਕਤੀ ਤੇ ਸਵਾਦ ਪਰਤੇਗਾ । ਮੈਂ ਆਪਣੇ ਪਿਆਰੇ ਫੁੱਲ ਗੁਲਾਬ ਦੀ ਮਹਿਕ ਮਹਿਸੂਸ ਕਰਾਂਗੀ,ਹਰੇ ਧਨੀਏ ਦੀ ਟੁੰਬਣ ਵਾਲੀ ਖੁਸ਼ਬੂ ਦਾ ਸਵਾਦ ਲਵਾਂਗੀ,ਪਿਆਜ਼ ਅਤੇ ਲਸਣ ਦੀ ਤਿੱਖੀ ਤੇ ਸਵਾਦਲੀ ਮਹਿਕ ਰੂਹ ਤੱਕ ਭਰਾਂਗੀ । ਦਾਲਾਂ ਅਤੇ ਸਬਜ਼ੀਆਂ ਨੂੰ ਲੱਗਦਾ ਤੜਕਾ ਰੂਹ ਨੂੰ ਸ਼ਰਸਾਰ ਕਰੇਗਾ, ਫੁੱਲਦਾ ਹੋਇਆ ਫੁਲਕਾ ਹਾਕਾਂ ਮਾਰ ਬੁਲਾਵੇਗਾ, ਰੜਦਾ ਪਰੌਂਠਾ ਮੂੰਹ ਵਿਚ ਪਾਣੀ ਲਿਆਵੇਗਾ, ਗੁੜ ਦੀ ਮਿਠਾਸ ਹੀ ਨਹੀਂ ਮਹਿਕ ਵੀ ਸਾਹਾਂ ਵਿੱਚ ਰਲੇਗੀ, ਹਰ ਖੁਸ਼ਬੂ ਕਿਸੇ ਚੀਜ਼ ਦੀ ਹੋਂਦ ਦੱਸੇਗੀ ,ਵਾਹ!
ਲੀਕ ਹੁੰਦੇ ਸਿਲੰਡਰ ਦਾ ਵੀ ਪਤਾ ਲੱਗੇਗਾ,ਹੋਰਨਾਂ ਵਾਂਗ ਆਉਂਦੀ ਹੋਈ ਬੋਅ ਮਹਿਸੂਸ ਕਰ ਕੇ ਮੈਂ ਵੀ ਨੱਕ ਢੱਕ ਲਵਾਂਗੀ । ਅਜੇ ਤਾਂ ਬੜੇ ਜੋਖਿਮ ਭਰੇ ਤੇ ਹਾਸੋ ਹੀਣੇ ਕਿੱਸੇ ਵਾਪਰਣੇ ਨੇ ।
ਸਬਜ਼ੀ ਯਾਂ ਦਾਲ ਸੜਦੀ ਤੇ ਨਹੀਂ /ਖਰਾਬ ਤੇ ਨਹੀਂ ਹੋ ਗਈ ਇਹ ਵੀ ਪਤਾ ਲੱਗੇਗਾ । ਵੰਨ-ਸੁਵੰਨੀਆਂ ਚੀਜ਼ਾਂ ਨੂੰ ਸੁੰਘ ਕੇ ਪਛਾਣ ਲਵਾਂਗੀ ।
ਇਹ ਤੇ ਮੈਂ ਸਿਰਫ਼ ਇੱਕ ਅੱਧੀ ਗਿਆਨ ਇੰਦ੍ਰੀ ਦੀ ਗੱਲ ਕੀਤੀ ਹੈ ।ਸੋਚੀਏ ਜ਼ਰਾ ਮਾਲਿਕ ਜੀ ਨੇ ਇਹ ਸਰੀਰ ਰੂਪੀ ਕਿੰਨਾ ਵੱਡਾ ਖਜ਼ਾਨਾ ਦਿੱਤਾ ਹੈ ।
ਜੋ ਵੀ ਹੈ, ਮੈਂ ਇਸ ਦੂਜੇ ਜਨਮ ਵਿੱਚ ਬਹੁਤ ਖੁਸ਼ ਹਾਂ । ਫ਼ੇਰ ਵੀ ਮੈਨੂੰ ਇੰਤਜ਼ਾਰ ਹੈ,ਤਿਓਹਾਰ ਵਰਗੇ ਉਸ ਦਿਨ ਦਾ ਜਿਸ ਦਿਨ ਮੇਰੀਆਂ ਸਾਰੀਆਂ ਗਿਆਨ ਇੰਦ੍ਰੀਆਂ ਮੇਰੇ ਅਧੂਰੇ ਗਿਆਨ ਨੂੰ ਪੂਰਾ ਕਰਨਗੀਆਂ ਅਤੇ ਜ਼ਿੰਦਗੀ ਗੁਲਜ਼ਾਰ ਹੋ ਜਾਵੇਗੀ ।
ਦੁਆਵਾਂ ਕਰਿਓ ਜੀ, ਅਰਦਾਸਾਂ ਜੋਦੜੀਆਂ ਕਰਿਓ ਜੀ । ਬੇਅੰਤ ਬਖਸ਼ਿਸ਼ਾਂ ਨੇ ਦੁਆਵਾਂ ਵਿੱਚ ।
ਧੰਨਵਾਦ
ਹਰਨਿੰਦਰ ਜੀਤ ਕੌਰ

Dr.Assa Singh Ghuman says
Really a wonderful piece of writing which evokes emotions for the writer and devotion for the Almighty Waheguru who is inscrutable and magnificent. Trust in Him provides us a great strength, particularly in distress.
Harninder jit kaur says
Thank you so much sir for motivation and for this appreciation.
Sunil Sharma says
Superb writing.
Harninder jit kaur says
Thank you so much sir.
Rama Bindra says
I saw u always in cheerful & positive attitude & hoping u recover soon what u lost,i pray to God
Harninder jit kaur says
Thank you ma’am for best wishes
Harninder jit kaur says
Thank you ma’am. Means a lot. Thank you