
ਲੁਧਿਆਣਾ – ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਜਿੱਤ ਹਾਸਲ ਕਰਨ ਮਗਰੋਂ ਸਥਾਨਕ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ।ਉਨ੍ਹਾਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਵੀ ਲਿਆ।
ਦੂਜੇ ਪਾਸੇ ਚੋਣ ਹਾਰਨ ਮਗਰੋਂ ਰਵਨੀਤ ਸਿੰਘ ਬਿੱਟੂ ਫੇਸਬੁੱਕ ‘ਤੇ ਲਾਈਵ ਆਏ ਅਤੇ ਉਨ੍ਹਾਂ ਨੇ ਭਾਜਪਾ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨੂੰ ਮਿਹਣੇ ਮਾਰੇ ਹਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਸਰਕਾਰ ਬਣ ਗਈ ਹੈ ਤੇ ਸਾਰਾ ਪੈਸਾ ਉਨ੍ਹਾਂ ਕੋਲੋਂ ਹੀ ਆਉਣਾ ਹੈ, ਪੰਜਾਬ ਦੇ ਕੋਲ ਤਾਂ ਜ਼ਹਿਰ ਖਾਣ ਲਈ ਵੀ ਪੈਸਾ ਨਹੀਂ ਹੈ। ਹਾਰ ਤੋਂ ਬੌਖਲਾਏ ਨਜ਼ਰ ਆਏ ਭਾਜਪਾ ਉਮੀਦਵਾਰ ਬਿੱਟੂ ਨੇ ਕਿਹਾ ਕਿ ਹੁਣ ਜਾਂ ਤਾਂ ਪਿੰਡ ਵਾਲੇ ਮਨਰੇਗਾ ਦਾ, ਕੱਚੇ ਮਕਾਨਾਂ ਦਾ, ਕਣਕ ਦਾ ਪੈਸਾ, RDF ਦਾ ਪੈਸਾ ਵੀ ਨਾ ਲੈਣ, ਇਨ੍ਹਾਂ ਤੋਂ ਬਿਨਾਂ ਸਾਰ ਕੇ ਦੇਖ ਲੈਣ। ਉਨ੍ਹਾਂ ਕਿਹਾ ਕਿ ਇਹ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕੀਤੀਆਂ ਹਨ, ਜਿਸ ਦਾ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ ਵਿਚ ਕਰਨਾ ਪਵੇਗਾ। ਅਜੇ ਵੀ ਮੌਕਾ ਹੈ ਜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਜਾਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਭਾਜਪਾ ਦੀ ਬਾਂਹ ਫੜਣੀ ਪੈਣੀ ਹੈ।
ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਦਾ ਸਿਹਰਾ ਪਾਰਟੀ ਦੀ ਸੀਨਅਰ ਲੀਡਰਸ਼ਿਪ ਅਤੇ ਕਾਂਗਰਸ ਦੇ ਅਣਥੱਕ ਵਰਕਰਾਂ ਸਿਰ ਬੰਨਦਿਆਂ ਵਿਰੋਧੀ ਉਮੀਦਵਾਰ ਬਿੱਟੂ ਨੂੰ ਹਲਕਾ ਲੁਧਿਆਣਾ ਦੇ ਵਿਕਾਸ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ। ਵੜਿੰਗ ਨੇ ਕਿਹਾ ਕਿ ਕਦੇ ਇਕੱਠੇ ਹੁੰਦੇ ਸਾਂ, ਦੂਜੇ ਪਾਸੇ ਦੀ ਚੋਣ ਬਿੱਟੂ ਦੀ ਸੀ। ਹੁਣ ਵੇਲਾ ਆ ਗਿਆ ਚੋਣਾਂ ਵਿਚਲੀ ਕੜਵਾਹਟ ਭੁੱਲ ਕੇ ਇਲਾਕੇ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰੀਏ।

Brij Bhushan Goyal says
Politicians have to come out of election mode now and work towards betterment of people jointly .