
ਓਟਾਵਾ — ਕੈਨੇਡਾ ਦੀ ਫੈਡਰਲ ਸਰਕਾਰ ਨੇ ਮਹਿੰਗਾਈ ਅਤੇ ਖੁਰਾਕ ਦੀਆਂ ਵਧਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਕਦਮਾਂ ਦਾ ਐਲਾਨ ਕੀਤਾ ਹੈ। ਨਵਾਂ ਕੈਨੇਡਾ ਗ੍ਰੋਸਰੀਜ਼ ਅਤੇ ਐਸੈਂਸ਼ਲਜ਼ ਬੈਨਿਫਿਟ 1.2 ਕਰੋੜ ਤੋਂ ਵੱਧ ਕੈਨੇਡੀਅਨਾਂ ਨੂੰ ਵਾਧੂ ਮਾਲੀ ਸਹਾਇਤਾ ਪ੍ਰਦਾਨ ਕਰੇਗਾ। ਇਸ ਯੋਜਨਾ ਤਹਿਤ, ਚਾਰ ਮੈਂਬਰਾਂ ਵਾਲੇ ਪਰਿਵਾਰ ਨੂੰ ਇਸ ਸਾਲ $1,890 ਤੱਕ ਮਿਲਣਗੇ, ਜੋ ਪਹਿਲਾਂ ਲਗਭਗ $1,100 ਸੀ। ਅਗਲੇ ਚਾਰ ਸਾਲਾਂ ਲਈ ਹਰ ਸਾਲ ਕਰੀਬ $1,400 ਦੀ ਮਦਦ ਮਿਲੇਗੀ। ਇਕੱਲੇ ਵਿਅਕਤੀ ਨੂੰ ਇਸ ਸਾਲ $950 ਮਿਲਣਗੇ, ਜੋ ਪਹਿਲਾਂ $540 ਸਨ, ਅਤੇ ਅਗਲੇ ਚਾਰ ਸਾਲਾਂ ਦੌਰਾਨ ਹਰ ਸਾਲ ਲਗਭਗ $700 ਦਿੱਤੇ ਜਾਣਗੇ।
ਅੱਜ ਓਟਵਾ ਵਿਖੇ ਬੋਲਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਕੈਨੇਡੀਅਨਜ਼ ਨੂੰ ਉਹ ਸਹਾਇਤਾ ਦੇਣੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਜਿਸ ਦੀ ਇਸ ਸਮੇਂ ਫੌਰੀ ਲੋੜ ਹੈ ।
ਇਸ ਤੋਂ ਇਲਾਵਾ, ਸਰਕਾਰ ਨੇ ਸਟ੍ਰੈਟਜਿਕ ਰਿਸਪਾਂਸ ਫੰਡ ਵਿਚੋਂ $500 ਮਿਲੀਅਨ ਰੱਖੇ ਹਨ ਤਾਂ ਜੋ ਕਾਰੋਬਾਰ ਸਪਲਾਈ ਚੇਨ ਵਿੱਚ ਆ ਰਹੀਆਂ ਰੁਕਾਵਟਾਂ ਦੇ ਖਰਚੇ ਗਾਹਕਾਂ ‘ਤੇ ਨਾ ਢੱਲਣ। ਇਸੇ ਮਕਸਦ ਲਈ, ਰੀਜਨਲ ਟੈਰਿਫ ਰਿਸਪਾਂਸ ਇਨੀਸ਼ੀਅਟਿਵ ਅਧੀਨ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ $150 ਮਿਲੀਅਨ ਦਾ ਫੂਡ ਸਿਕਿਊਰਟੀ ਫੰਡ ਵੀ ਬਣਾਇਆ ਜਾਵੇਗਾ।
ਖੁਰਾਕ ਉਤਪਾਦਨ ਦੀ ਲਾਗਤ ਘਟਾਉਣ ਲਈ, ਸਰਕਾਰ ਨੇ ਗ੍ਰੀਨਹਾਊਸ ਇਮਾਰਤਾਂ ਲਈ ਤੁਰੰਤ ਖਰਚਾ ਕੱਟ (ਇਮੀਡੀਏਟ ਐਕਸਪੈਂਸਿੰਗ) ਦੀ ਸਹੂਲਤ ਲਿਆਂਦੀ ਹੈ। 4 ਨਵੰਬਰ 2025 ਤੋਂ ਬਾਅਦ ਖਰੀਦੇ ਗਏ ਅਤੇ 2030 ਤੋਂ ਪਹਿਲਾਂ ਵਰਤੋਂ ਵਿੱਚ ਆਉਣ ਵਾਲੇ ਗ੍ਰੀਨਹਾਊਸ ਪੂਰੀ ਤਰ੍ਹਾਂ ਟੈਕਸ ਵਿੱਚੋਂ ਕੱਟੇ ਜਾ ਸਕਣਗੇ। ਸਰਕਾਰ ਕਹਿੰਦੀ ਹੈ ਕਿ ਇਹ ਕਦਮ ਦੇਸ਼ ਅੰਦਰ ਖੁਰਾਕ ਦੀ ਸਪਲਾਈ ਵਧਾਉਣ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਹੋਵੇਗਾ।
