
ਐਬਟਸਫੋਰਡ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ ਵਿੱਚ ਕਤਲ ਕੀਤੀ ਗਈ ਇੱਕ ਪੰਜਾਬਣ ਦੇ ਪਤੀ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਕਰੀਬਨ ਦੋ ਸਾਲ ਪਹਿਲਾਂ 28 ਜੁਲਾਈ 2022 ਦੀ ਸ਼ਾਂਮ ਨੂੰ ਸ਼ਹਿਰ ਦੀ ਈਸਟਵਿਊ ਸਟਰੀਟ ਦੇ ਨਜ਼ਦੀਕ ਬਣੇ ਇੱਕ ਘਰ ਵਿੱਚ ਹੋਈ ਵਾਰਦਾਤ ਤੋਂ ਬਾਅਦ ਐਬਟਸਫੋਰਡ ਪੁਲਸ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਘਰੇਲੂ ਹਿੰਸਾ ਦੀ ਇਸ ਘਟਨਾ ਵਿੱਚ ਹਮਲੇ ਦਾ ਸ਼ਿਕਾਰ ਹੋਈ ਔਰਤ ਘਰ ਵਿੱਚ ਹੀ ਤੜਫ਼ਦੀ ਹੋਈ ਦਮ ਤੋੜ ਗਈ ਸੀ । ਮੌਕੇ ਤੇ ਪਹੁੰਚੇ ਪੁਲਸ ਅਫਸਰਾਂ ਨੇ ਪੀੜ੍ਹਤ 45 ਸਾਲਾ ਔਰਤ ਕਮਲਜੀਤ ਕੌਰ ਸੰਧੂ ਦੇ ਪਤੀ ਨੂੰ ਸ਼ੱਕ ਦੇ ਅਧਾਰ ‘ਤੇ ਗ੍ਰਿਫ਼ਤਾਰ ਕਰ ਲਿਆ ਸੀ । ਬਾਅਦ ਵਿੱਚ 48 ਸਾਲਾ ਇੰਦਰਜੀਤ ਸਿੰਘ ਸੰਧੂ ਉੱਪਰ ਪਹਿਲਾ ਦਰਜਾ ਕਤਲ (ਇਰਾਦਾ ਕਤਲ) ਦੇ ਇਲਜ਼ਾਮ ਆਇਦ ਕੀਤੇ ਗਏ ਸਨ।
ਇੰਦਰਜੀਤ ਸਿੰਘ ਸੰਧੂ ਵੱਲੋਂ ਦੂਜਾ ਦਰਜਾ ਕਤਲ ਦਾ ਜੁਰਮ ਕਬੂਲ ਕਰ ਲੈਣ ਮਗਰੋਂ ਉਸ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਮਾਨਤ ਲਈ ਅਰਜ਼ੀ ਦੇਣ ਤੋਂ ਪਹਿਲਾਂ ਇੰਦਰਜੀਤ ਸਿੰਘ ਨੂੰ 13 ਸਾਲ ਦੀ ਸਜ਼ਾ ਭੁਗਤਣੀ ਪਏਗੀ ।
