
ਲੌਗੋਵਾਲ- ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕਾਨਫਰੰਸ ਕੀਤੀ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਸੀ ਮੌਕੇ ਰੱਖੇ ਸਮਾਗਮ ਦੌਰਾਨ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਹਾਜ਼ਰ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਤ ਜੀ ਨੇ ਪੰਥ ਅਤੇ ਪੰਜਾਬ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਾਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਕੇ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਦੇਣ ਦੀ ਲੋੜ ਹੈ।
ਬਰਸੀ ਮੌਕੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, “ਮੈਂ ਆਪਣੇ ਵੱਲੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਦਿੱਲੀ ਦੇ ਹਮਲਿਆਂ ਤੋਂ ਬਚਾਉਣ ਲਈ “ਜਾਅਲੀ ਬਦਲਾਵ” ਅਤੇ ਝੂਠ ਤੇ ਸਾਜਿਸ਼ਾਂ ਦੀ ਸਿਆਸਤ ਨੂੰ ਨਕਾਰ ਕੇ ਆਓ ਪੰਜਾਬ ਹਿਤੈਸੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਈਏ ਅਤੇ ਅਮਨ, ਕਾਨੂੰਨ, ਭਾਈਚਾਰਕ ਸਾਂਝ ਨੂੰ ਮੁੜ ਕਾਇਮ ਕਰਕੇ ਸੂਬੇ ਨੂੰ ਤਰੱਕੀ ਦੇ ਰਾਹ ਤੇ ਲੈਕੇ ਚਲੀਏ।ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ, ਅਮਨ ਦੇ ਮਸੀਹਾ ਅਤੇ ਸਾਰੀ ਉਮਰ ਪੰਥ ਅਤੇ ਪੰਜਾਬ ਨੂੰ ਸਮਰਪਿਤ ਕਰਨ ਵਾਲੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਾਦਰ ਪ੍ਰਣਾਮ ਕਰਦਾ ਹਾਂ । ਧਰਮ ਯੁੱਧ ਮੋਰਚਾ ਤੇ ਐਮਰਜੈਂਸੀ ਸਮੇਂ ਪਾਰਟੀ ਦੀ ਬੇਮਿਸਾਲ ਅਗਵਾਈ ਕਰਨ ਵਾਲੇ ਸੰਤ ਜੀ ਨੇ ਪੰਜਾਬ ਅਤੇ ਪੰਥ ਦੀ ਚੜ੍ਹਦੀਕਲਾ ਰੱਖਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ । ਪੰਜਾਬ ਅਤੇ ਸਮੁੱਚਾ ਪੰਥ ਸਦਾ ਉਹਨਾਂ ਦੀ ਕੁਰਬਾਨੀ ਦਾ ਰਿਣੀ ਰਹੇਗਾ ਅਤੇ ਰਹਿੰਦੀ ਦੁਨੀਆਂ ਤੱਕ ਸੰਤ ਜੀ ਦਾ ਨਾਮ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ।”
