
ਸਰੀ – ਵੈਨਕੂਵਰ ਨੇੜੇ ਪੈਂਦੇ ਸ਼ਹਿਰ ਸੁਕੈਮਿਸ਼ ਵਿਖੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 15 ਜੂਨ ਦਿਨ ਸ਼ਨੀਵਾਰ ਨੂੰ ਕੱਢਿਆ ਜਾਵੇਗਾ।
ਸੁਕੈਮਿਸ਼ ਗੁਰਦੁਵਾਰਾ ਸਾਹਿਬ ਦੀ ਨਵੀਂ ਚੁਣੀ ਗਈ ਕਮੇਟੀ ਵਲੋਂ ਨਗਰ ਕੀਰਤਨ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਨੇ ਸਮੁੱਚੀ ਗੁਰਦੁਵਾਰਾ ਕਮੇਟੀ ਵੱਲੋਂ ਲੋਅਰ ਮੇਨਲੈਂਡ,ਬੀ.ਸੀ.ਅਤੇ ਕੈਨੇਡਾ-ਅਮਰੀਕਾ ਦੀਆਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਨਗਰ ਕੀਰਤਨ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਗੁਰਦਵਾਰਾ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਨੇ ‘ਸਰੀ ਨਿਊਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੀਰਤਨ ਦਾ ਰੂਟ ਪਹਿਲਾਂ ਵਾਂਗ ਹੀ ਹੋਵੇਗਾ। ਪੰਜ ਪਿਆਰਿਆਂ ਦੀ ਅਗਵਾਈ ‘ਚ ਸੁੰਦਰ ਪਾਲਕੀ ਵਿੱਚ ਸਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ, ਝੂਲਦੇ ਕੇਸਰੀ ਨਿਸ਼ਾਨ, ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਅਤੇ ਗੱਤਕਾ ਖੇਡਦੇ ਸਕੂਲੀ ਸਿੱਖ ਬੱਚੇ ਨਗਰ ਕੀਰਤਨ ਦੀ ਸ਼ੋਭਾ ਬਣਨਗੇ। ਗੁਰਦਵਾਰਾ ਸਾਹਿਬ ਤੋਂ ਸਵੇਰੇ 9 ਵਜੇ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ , ਡਾਊਨਟਾਊਨ ਦੀਆਂ ਗਲੀਆਂ ਵਿਚੋਂ ਲੰਘਦਾ ਹੋਇਆ ਨਗਰ ਕੀਰਤਨ ਦੁਪਹਿਰ ਵੇਲੇ O’Siyam Pavilion ਪਾਰਕ ਪਹੁੰਚੇਗਾ, ਜਿੱਥੇ ਖੁੱਲ੍ਹੇ ਪੰਡਾਲ ‘ਚ ਸਜੀ ਸਟੇਜ ‘ਤੇ ਪ੍ਰਸਿੱਧ ਢਾਡੀ ਜਥਿਆਂ ਵੱਲੋਂ ਸ਼ਾਨਾਮੱਤੇ ਸਿੱਖ ਇਤਿਹਾਸ ਬਾਰੇ ਵਿਖਿਆਨ ਕੀਤਾ ਜਾਵੇਗਾ। ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਪਹੁੰਚੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਤਕਰੀਰਾਂ ਕੀਤੀਆਂ ਜਾਣਗੀਆਂ। ਨਗਰ ਕੀਰਤਨ ਦੇ ਰਸਤੇ ਵਿਚ ਲੱਗੇ ਵੱਖ-ਵੱਖ ਸਟਾਲਾਂ ‘ਤੇ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਸਥਾਨਕ ਸਕੂਲੀ ਬੱਚਿਆਂ ਲਈ ਪੰਜਾਬੀ ਦੀ ਮੁਫ਼ਤ ਪੜ੍ਹਾਈ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਿੱਥੇ ਸਾਨੂੰ ਆਪਣੇ ਗੌਰਵਸ਼ਾਲੀ ਸਿੱਖ ਵਿਰਸੇ ਉੱਤੇ ਮਾਣ ਹੈ ਉੱਥੇ ਅਸੀਂ ਕੈਨੇਡੀਅਨ ਹੋਣ ਤੇ ਵੀ ਉਨ੍ਹਾਂ ਹੀ ਫਖ਼ਰ ਮਹਿਸੂਸ ਕਰਦੇ ਹਾਂ,ਇੱਥੇ ਸਾਨੂੰ ਪਹਿਰਾਵੇ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ-ਨਾਲ ਆਪਣੇ ਅਕੀਦੇ ਨਾਲ ਜੁੜੇ ਰਹਿਣ ਦੀ ਵੀ ਖੁੱਲ੍ਹ ਮਿਲ਼ੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਲਈ ਵੈਨਕੂਵਰ ਅਤੇ ਸਰੀ ਦੇ ਗੁਰਦਆਰਿਆਂ ਤੋਂ ਬੱਸਾਂ ਵੀ ਚੱਲਣਗੀਆਂ।
