
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਖਿੱਚੋਤਾਣ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ । ਪਿਛਲੇ ਦਿਨੀਂ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਗਲਤੀਆਂ ਦੀ ਖਿਮਾ ਜਾਚਨਾ ਕਰਨ ਤੇ ਭੁੱਲਾਂ ਬਖ਼ਸ਼ਾਉਣ ਲਈ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਸੌਂਪਿਆਂ ਹੈ।
ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਮੀਟਿੰਗਾਂ ਕਰਕੇ ਆਪਣੇ ਹੱਕ ਵਿੱਚ ਸਮਰਥਨ ਜੁਟਾ ਰਹੇ ਹਨ। ਬਾਗੀ ਅਕਾਲੀ ਆਗੂਆਂ ਵੱਲੋ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੈੰਬਰਾਂ ਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਬਾਂਹਾਂ ਖੜ੍ਹੀਆਂ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 106 ਮੈਂਬਰ ਸਾਹਿਬਾਨਾਂ ਨੇ ਅੱਜ ਆਪ ਹਾਜ਼ਰ ਹੋਕੇ ਜਾਂ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਜਿੱਥੇ ਪੂਰਨ ਵਿਸ਼ਵਾਸ ਜਤਾਇਆ ਉੱਥੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਮੌਜੂਦਗੀ ਵਿੱਚ ਪਾਰਟੀ ਅਤੇ ਪੰਥ ਦੀ ਚੜ੍ਹਦੀਕਲਾ ਲਈ ਗੰਭੀਰ ਵਿਚਾਰਾਂ ਵੀ ਕੀਤੀਆਂ।ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਮੈੰਬਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲ ਕਰ ਲੈਣ ਮਗਰੋਂ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਪਾਰਟੀ ਦੇ ਚੱਲ ਰਹੇ ਅੰਦਰੂਨੀ ਸੰਕਟ ਦਰਮਿਆਨ ਸੁਖਬੀਰ ਬਾਦਲ ਇੱਕ ਵਾਰ ਫਿਰ ਪਾਰਟੀ ਦੇ ਵੱਖ-ਵੱਖ ਸਿਆਸੀ ਅਤੇ ਗੈਰ ਸਿਆਸੀ ਵਿੰਗਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਣ ਵਿੱਚ ਕਾਮਯਾਬ ਰਹੇ ਹਨ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਐਸ.ਸੀ. ਵਿੰਗ ਅਤੇ ਇਸਤਰੀ ਅਕਾਲੀ ਦਲ ਵੱਲੋਂ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਹੱਕ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਗਿਆ ਹੈ ।
ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਸਾਰੇ ਅਹੁਦੇਦਾਰਾਂ ਨੇ ਵੀ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ ਬੈਠਕ ਵਿੱਚ ਹਾਜ਼ਰ ਹੋ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਅਤੇ ਅਗਾਂਹ ਲਈ ਪਾਰਟੀ ਵੱਲੋਂ ਮਿਲੇ ਸਾਰੇ ਪ੍ਰੋਗਰਾਮਾਂ ਨੂੰ ਪੂਰੇ ਜੋਸ਼ ਅਤੇ ਜਨੂੰਨ ਨਾਲ ਸਫ਼ਲ ਬਣਾਉਣ ਦਾ ਭਰੋਸਾ ਦਿਵਾਇਆ ਹੈ।
