
ਨਵੀਂ ਦਿੱਲੀ – ਪੰਜਾਬ ਸਰਕਾਰ ਵੱਲੋਂ NRI ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਦਰਪੇਸ਼ ਮੁਸ਼ਕਲਾਂ ਦੇ ਹੱਲ ਕੱਢਣ ਲਈ ਇੱਕ ਵਿਸ਼ੇਸ਼ ਸਹਾਇਤਾ ਕੇਂਦਰ ਖੋਲ਼੍ਹਿਆ ਗਿਆ ਹੈ। ਪੰਜਾਬ ਸਹਾਇਤ ਕੇੰਦਰ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਖੋਲ੍ਹਿਆ ਗਿਆ ਹੈ। ਪੰਜਾਬ ਸਰਕਾਰ ਦੇ ਘੱਟੋ-ਘੱਟ ਤਿੰਨ ਮੁਲਾਜ਼ਮ ਇਸ ਸਹਾਇਤਾ ਕੇਂਦਰ ‘ਤੇ ਹਰ ਵਕਤ ਹਾਜ਼ਰ ਰਹਿਣਗੇ, ਇੱਥੋਂ NRI ਅਤੇ ਹੋਰ ਯਾਤਰੀਆਂ ਨੂੰ 24 ਘੰਟੇ ਸਹੂਲਤਾਂ ਮਿਲਣਗੀਆਂ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਮੁਸਾਫਰਾਂ ਦੀ ਸਹੂਲਤ ਲਈ ਇੱਥੇ ਦੋ ਗੱਡੀਆਂ ਹਰ ਵੇਲੇ ਤਾਇਨਾਤ ਰਹਿਣਗੀਆਂ। ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ 011-61232182 ਵੀ ਜਾਰੀ ਕੀਤਾ ਗਿਆ ਹੈ ਜਿਸ ‘ਤੇ ਕਾਲ ਕਰਨ ਨਾਲ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਹਾਇਤਾ ਕੇਂਦਰ ਖੋਲ੍ਹੇ ਜਾਣ ਨੂੰ ‘ਆਪ’ ਸਰਕਾਰ ਵੱਲੋਂ NRI ਪੰਜਾਬੀਆਂ ਲਈ ਇੱਕ ਵੱਡੀ ਸੌਗਾਤ ਕਰਾਰ ਦਿੱਤਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਕੁੱਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ‘ਤੇ ਪੰਜਾਬੀਆਂ ਦੀ ਮਦਦ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲ੍ਹਣ ਜਾ ਰਹੇ ਹਾਂ ਤੇ ਮੈਂਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ।ਮੈਂਨੂੰ ਉਮੀਦ ਹੈ ਕਿ ਸਾਡੀ ਸਰਕਾਰ ਦੇ ਇਸ ਉਪਰਾਲੇ ਨਾਲ ਪੰਜਾਬੀਆਂ ਤੇ NRIs ਦੀ ਖੱਜਲ ਖ਼ੁਆਰੀ ਘਟੇਗੀ।”

