
ਚੰਡੀਗੜ੍ਹ – ਪੈਰਿਸ ਓਲੰਪਿਕ ਖੇਡਾਂ ‘ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਚੰਡੀਗੜ੍ਹ ਵਿਖੇ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਖੇਡਾਂ ‘ਚ ਜੇਤੂ ਖਿਡਾਰੀਆਂ ਨੂੰ 9.35 ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ ਜਿਸ ਦੇ ਤਹਿਤ ਕਾਂਸੀ ਤਮਗ਼ਾ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਜਦਕਿ ਨਿਸ਼ਾਨੇਬਾਜ਼ੀ, ਐਥਲੀਟ ਅਤੇ ਗੋਲਫ ‘ਚ ਹਿੱਸਾ ਲੈ ਕੇ ਆਏ ਖਿਡਾਰੀਆਂ ਨੂੰ 15-15 ਲੱਖ ਰੁਪਏ ਸਨਮਾਨ ਵਜੋਂ ਦਿੱਤੇ ਗਏ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਾਂ ਦਿੱਤੀਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟੀਮ ਨੂੰ ਅੱਗੇ ਲੱਗ ਕੇ ਲੀਡ ਕਰਨਾ ਕਪਤਾਨ ਦਾ ਫ਼ਰਜ਼ ਹੁੰਦਾ ਹੈ। ਸਾਡੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਹ ਫ਼ਰਜ਼ ਬਾਖ਼ੂਬੀ ਨਿਭਾਇਆ, ਜਿਸ ਦੀ ਬਦੌਲਤ ਸਾਡੇ ਖਿਡਾਰੀਆਂ ਨੇ ਮਿਲ ਕੇ ਰਿਕਾਰਡ ਕਾਇਮ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ।ਪਹਿਲਾਂ ਹਾਕੀ ਦੇ ਖਿਡਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ,ਕੋਈ ਕੰਪਨੀ ਸਪਾਂਸਰ ਨਹੀਂ ਕਰਦੀ ਤੇ ਨਾ ਹੀ ਕੋਈ ਟੂਰਨਾਮੈਂਟ ਹੁੰਦਾ ਸੀ ਪਰ ਸਾਡੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਖੇਡ ਸਟੇਡੀਅਮ ‘ਚ ਵੱਖ-ਵੱਖ ਦੇਸ਼ਾਂ ਦੇ ਟੂਰਨਾਮੈਂਟ ਕਰਵਾਏ ਜਾਣਗੇ।
