• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਜੂਨ ਚੁਰਾਸੀ ਨੇ ਸਿੱਖ ਮਾਨਸਿਕਤਾ ਨੂੰ ਕਿਵੇਂ ਹਲੂਣਿਆਂ – ਡਾ. ਪ੍ਰੀਤਮ ਸਿੰਘ ਆਕਸਫੋਰਡ

https://www.surreynewsbc.com/wp-content/uploads/2024/06/7472EEA1-2D9D-4EA3-9D36-5DDA3A0E140E.jpeg
Prof. Pritam Singh Oxford
June 12, 2024 3:35pm
ਪ੍ਰੀਤਮ ਸਿੰਘ (ਡਾ.)
ਸਾਕਾ ਨੀਲਾ ਤਾਰਾ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਣ ਲੱਗਾ ਹੈ। ਭਾਰਤ ਦੇ ਗੁਰਦੁਆਰਿਆਂ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਵਿਦੇਸ਼ਾਂ ਵਿਚਲੇ ਕਈ ਗੁਰਦੁਆਰਿਆਂ ਨੇ ਤੀਜੇ ਘੱਲੂਘਾਰੇ ਨੂੰ ਅਰਦਾਸ ਦਾ ਹਿੱਸਾ ਬਣਾ ਲਿਆ ਹੈ। ਸਿੱਖ ਇਤਿਹਾਸ ਵਿੱਚ ਨੀਲਾ ਤਾਰਾ ਸਾਕੇ ਤੋਂ ਪਹਿਲਾਂ ਦੋ ਘੱਲੂਘਾਰੇ ਹੋਏ। ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ। ਛੋਟਾ ਘੱਲੂਘਾਰਾ ਮਈ 1746 ਵਿੱਚ ਹੋਇਆ। ਉੱਘੇ ਇਤਿਹਾਸਕਾਰ ਡਾ. ਗੰਡਾ ਸਿੰਘ ਮੁਤਾਬਕ ਇਸ ਵਿੱਚ 10 ਹਜ਼ਾਰ ਦੇ ਕਰੀਬ ਸਿੰਘ-ਸਿੰਘਣੀਆਂ ਸ਼ਹੀਦ ਹੋਏ। ਫਰਵਰੀ 1762 ਵਿੱਚ ਹੋਏ ਵੱਡੇ ਘੱਲੂਘਾਰੇ ਵਿੱਚ ਵੀਰਗਤੀ ਪਾਉਣ ਵਾਲੇ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਦੀ ਗਿਣਤੀ 30 ਹਜ਼ਾਰ ਦੇ ਕਰੀਬ ਸੀ। ਇੱਕ ਅਨੁਮਾਨ ਅਨੁਸਾਰ (ਜਿਸ ਦੀ ਅਜੇ ਤਸਦੀਕ ਹੋਣੀ ਬਾਕੀ ਹੈ) ਉਸ ਸਮੇਂ ਦੀ ਤਕਰੀਬਨ ਅੱਧੀ ਸਿੱਖ ਵਸੋਂ ਵੱਡੇ ਘੱਲੂਘਾਰੇ ਦੀ ਭੇਟ ਚੜ੍ਹ ਗਈ। ਇਹ ਸਿੱਖ ਇਤਿਹਾਸ ਦਾ ਸਭ ਤੋਂ ਕਾਲਾ ਸਮਾਂ ਸੀ। ਅਜਿਹੇ ਕਤਲੇਆਮ ਮਨੋਬਲ ਡੇਗ ਕੇ ਸਿੱਖਾਂ ਦਾ ਬੀਜ ਨਸ਼ਟ ਕਰਨ ਵਾਲੇ ਹੋ ਸਕਦੇ ਸਨ ਪਰ ਗੁਰੂਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਭਾਈਚਾਰਾ ਛੇਤੀ ਹੀ ਮੁੜ ਜਥੇਬੰਦ ਹੋਇਆ ਅਤੇ ਵੱਡੇ ਘੱਲੂਘਾਰੇ ਤੋਂ ਚੰਦ ਦਹਾਕਿਆਂ ਬਾਅਦ ਸਿੱਖ ਪੰਜਾਬ ਦੇ ਅਸਲ ਹਾਕਮਾਂ ਵਾਲੇ ਰੁਤਬੇ ਉੱਤੇ ਜਾ ਪਹੁੰਚੇ। 1780 ਤਕ ਸਮੁੱਚਾ ਪੰਜਾਬ ਸਿੱਖ ਮਿਸਲਦਾਰਾਂ ਦੇ ਕਬਜ਼ੇ ਹੇਠ ਆ ਚੁੱਕਾ ਸੀ ਅਤੇ 1799 ਵਿੱਚ ਤਾਂ ਇੱਕ ਮਿਸਲਦਾਰ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣ ਗਿਆ। ਉਂਜ, ਉਸ ਦੇ ਮਨ-ਮਸਤਕ ’ਤੇ ਵੀ ਸਿੱਖ ਸ਼ਹਾਦਤਾਂ ਤੇ ਸਿਮਰਤੀਆਂ ਦਾ ਏਨਾ ਬੋਝ ਸੀ ਕਿ ਉਹ ਰਾਜ, ਗੁਰੂਆਂ ਦੇ ਨਾਂ ਉੱਤੇ ਕਰਦਾ ਰਿਹਾ। ਉਸ ਦੇ ਰਾਜਕਾਲ ਦੌਰਾਨ ਹੀ ਜਗੀਰਦਾਰਾਨਾ ਨਿਘਾਰ ਦੀਆਂ ਨਿਸ਼ਾਨੀਆਂ ਉੱਭਰਨੀਆਂ ਸ਼ੁਰੂ ਹੋ ਗਈਆਂ। ਇਹ ਨਿਘਾਰ ਉਸ ਵੱਲੋਂ ਗੁਰੂਆਂ ਵਾਲਾ ਮਾਰਗ ਕੁਝ ਹੱਦ ਤਕ ਤਿਆਗਣ ਕਾਰਨ ਆਇਆ। ਸਿੱਖ ਭਾਈਚਾਰੇ ਲਈ ਇੱਕ ਕਾਲਾ ਯੁੱਗ 1716 ਤੋਂ ਸ਼ੁਰੂ ਹੋਇਆ ਜਦੋਂ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਉਦੋਂ ਤੋਂ ਲੈ ਕੇ ਰਣਜੀਤ ਸਿੰਘ ਵੱਲੋਂ ਮਹਾਰਾਜਾ ਬਣਨ ਤਕ ਦੇ ਸਮੇਂ ਦੌਰਾਨ ਹਰਿਮੰਦਰ ਸਾਹਿਬ ਸਿੱਖਾਂ ਦੇ ਇਖ਼ਲਾਕੀ, ਸਿਆਸੀ, ਫ਼ੌਜੀ, ਰੂਹਾਨੀ ਅਤੇ ਇੱਥੋਂ ਤਕ ਕਿ ਆਰਥਿਕ ਸ਼ਕਤੀਕਰਨ ਦਾ ਧੁਰਾ ਬਣਿਆ ਰਿਹਾ। ਮੁਗਲ ਹੁਕਮਰਾਨਾਂ ਖ਼ਿਲਾਫ਼ ਗੁਰੀਲਾ ਜੰਗ ਦੌਰਾਨ ਸਿੱਖ ਸਾਲ ਵਿੱਚ ਦੋ ਵਾਰ ਵਿਸਾਖੀ ਅਤੇ ਦੀਵਾਲੀ ਮੌਕੇ ਅੰਮ੍ਰਿਤਸਰ ਵਿੱਚ ਵਿਚਾਰ-ਵਟਾਂਦਰੇ ਅਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਜੁੜਿਆ ਕਰਦੇ ਸਨ। ਇੱਕ ਵਾਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਾਖ਼ਲ ਹੋਣ ’ਤੇ ਉਹ ਗੁਰੂ ਰਾਖਾ ਹੋਣ ਅਤੇ ਹਮੇਸ਼ਾ ਅੰਗ-ਸੰਗ ਹੋਣ ਦੇ ਅਹਿਸਾਸ ਤੇ ਆਭਾਸ ਨਾਲ ਵਿਚਰਦੇ ਸਨ ਅਤੇ ਮਹਿਸੂਸ ਕਰਦੇ ਸਨ ਕਿ ਮੁਗਲ ਹੁਕਮਰਾਨਾਂ ਸਮੇਤ ਕੋਈ ਵੀ ਦੁਨਿਆਵੀ ਤਾਕਤ ਉਨ੍ਹਾਂ ਦਾ ਨੁਕਸਾਨ ਨਹੀਂ ਕਰ ਸਕੇਗੀ। ਅਜਿਹਾ ਹੋਣ ਨਾਲ ਹਰਿਮੰਦਰ ਸਾਹਿਬ ਦੀ ਮਾਨਤਾ ਵਧੀ ਅਤੇ ਉਸ ਮਗਰੋਂ ਲਗਾਤਾਰ ਵਧਣੀ ਜਾਰੀ ਹੈ। ਹਰਿਮੰਦਰ ਸਾਹਿਬ ਹੌਲੀ-ਹੌਲੀ ਸਮੁੱਚੇ ਭਾਈਚਾਰੇ ਦੇ ਹਿਰਦੇ ਵਿੱਚ ਵਸ ਗਿਆ। ਨੀਲਾ ਤਾਰਾ ਅਪਰੇਸ਼ਨ ਕਾਰਨ ਹੋਈਆਂ ਮੌਤਾਂ, ਤਬਾਹੀ ਅਤੇ ਬੇਅਦਬੀ ਨੇ ਨਾ ਸਿਰਫ਼ ਸਿੱਖਾਂ ਸਗੋਂ ਬਹੁਤ ਸਾਰੇ ਪੰਜਾਬੀ ਹਿੰਦੂ ਸ਼ਰਧਾਲੂਆਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਾਈ। ਲੱਖਾਂ ਲੋਕਾਂ ਦੀ ਤਰਜ਼-ਏ-ਜ਼ਿੰਦਗੀ ਇਸ ਸਾਕੇ ਨੇ ਬਦਲ ਦਿੱਤੀ। ਮਾਨਸਿਕ ਸੰਵੇਦਨਾਵਾਂ ਨੂੰ ਇਸ ਸਾਕੇ ਨੇ ਕਿਸ ਹੱਦ ਤਕ ਪ੍ਰਭਾਵਿਤ ਕੀਤਾ, ਇਸ ਨੂੰ ਕਲਮਬੰਦ ਕੀਤੇ ਜਾਣਾ ਸਿਆਸੀ ਦੁਫੇੜਾਂ ਕਾਰਨ ਅਜੇ ਤਕ ਸੰਭਵ ਨਹੀਂ ਹੋ ਸਕਿਆ। ਮੈਂ ਆਪਣੀ ਹੀ ਇੱਕ ਕਹਾਣੀ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਮੇਰੇ ਇੱਕ ਮਾਮਾ ਜੀ, ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਸਾਂ,‘‘ਬਹੁਤ ਜ਼ਿੰਦਾਦਿਲ ਇਨਸਾਨ ਸਨ, ਪਰ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਕਾਰਨ ਹੋਏ ਨੁਕਸਾਨ ਤੋਂ ਉਹ ਇਸ ਹੱਦ ਤਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਹੱਸਣਾ ਬੰਦ ਕਰ ਦਿੱਤਾ। ਉਹ ਇਸ ਸਾਕੇ ਬਾਰੇ ਬਹੁਤਾ ਕੁਝ ਨਹੀਂ ਸੀ ਕਹਿੰਦੇ, ਪਰ ਜਦੋਂ ਕਦੇ ਕੁਝ ਕਹਿੰਦੇ ਤਾਂ ਸੁਰ ਗੁਸੈਲੇ ਹੁੰਦੇ। ਉਹ ਇਸ ਸਾਕੇ ਮਗਰੋਂ 15 ਕੁ ਸਾਲ ਜੀਵੇ। ਉਨ੍ਹਾਂ ਦੇ ਚਲਾਣੇ ਤੋਂ ਕੁਝ ਕੁ ਸਾਲ ਪਹਿਲਾਂ ਉਨ੍ਹਾਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਮੈਂ ਉਨ੍ਹਾਂ ਨੂੰ ਕੀ ਤੋਹਫਾ ਦੇਵਾਂ ਤਾਂ ਉਨ੍ਹਾਂ ਦਾ ਜਵਾਬ ਸੀ,‘‘ਕੇਸਰੀ ਪੱਗ।’’ ਉਨ੍ਹਾਂ ਦੇ ਇਸ ਕਥਨ ਤੋਂ ਤਿਆਗ ਤੇ ਜੂਝ ਮਰਨ ਦੀ ਭਾਵਨਾ ਚਾਹੇ ਉਹ ਪ੍ਰਤੀਕਾਤਮਿਕ ਹੀ ਸੀ, ਸਪਸ਼ਟ ਝਲਕਦੀ ਸੀ। ਮੇਰੇ ਲਈ ਮੇਰੇ ਮਾਮਾ ਜੀ ਦੀ ਮਾਨਸਿਕ ਪੀੜਾ ਤੇ ਸਾਕਾ ਨੀਲਾ ਤਾਰਾ ਦੀਆਂ ਯਾਦਾਂ ਆਪੋ ਵਿੱਚ ਜੁੜੀਆਂ ਹੋਈਆਂ ਹਨ। ਨੀਲਾ ਤਾਰਾ ਸਾਕੇ ਤੋਂ ਬਾਅਦ ਇੱਕ ਨਵੀਂ ਪੀੜ੍ਹੀ ਜਵਾਨ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਕਈ ਤਾਂ ਖ਼ੁਦ ਵੀ ਮਾਪੇ ਬਣ ਚੁੱਕੇ ਹਨ। ਉਹ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਕਾਰਵਾਈ ਬਾਰੇ ਪੜ੍ਹਦੇ ਤੇ ਸੁਣਦੇ ਹਨ ਅਤੇ ਆਪਣੇ ਮਾਪਿਆਂ ਤੇ ਉਨ੍ਹਾਂ ਤੋਂ ਪਹਿਲਾਂ ਦੀ ਪੀੜ੍ਹੀ ਨਾਲ ਜੁੜੇ ਇਤਿਹਾਸ ਤੇ ਇਸ ਇਤਿਹਾਸ ਵਿੱਚੋਂ ਉਪਜੀ ਪੀੜਾ ਬਾਰੇ ਜਾਣਨ ਦਾ ਯਤਨ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਇਸ ਇਤਿਹਾਸ ਨੂੰ ਸਮਝਣ ਤੇ ਇਸ ਦੀ ਤਹਿ ਤਕ ਜਾਣ ਲਈ ਨਵੇਂ ਸਾਧਨ ਤੇ ਨਵੇਂ ਮਾਧਿਅਮ ਈਜਾਦ ਕਰ ਰਹੇ ਹਨ। ਪਿਛਲੇ ਸਾਲ ਮੈਂ ਬਤੌਰ ਬਾਹਰੀ ਨਿਰੀਖਕ (external examiner) ਰਜੱਰਜ਼ ਯੂਨੀਵਰਸਿਟੀ ਅਮਰੀਕਾ ਦੀ ਸ਼ਰੁਤੀ ਦੇਵਗਣ ਦਾ ਪੀਐਚ.ਡੀ. ਸ਼ੋਧ-ਪੱਤਰ ਪੜ੍ਹਿਆ। ਇਸ ਆਲ੍ਹਾਤਰੀਨ ਸ਼ੋਧ ਪੱਤਰ ਦਾ ਸਿਰਲੇਖ ਸੀ: ‘‘ਅਤੀਤ ਦੀ ਮੁੜ-ਪੇਸ਼ਕਾਰੀ: ਸਿੱਖ ਡਾਇਸਪੋਰੇ ਦੀ 1984 ਦੀਆਂ ਡਿਜੀਟਲ ਯਾਦਾਂ।’’ ਇਹ ਥੀਸਿਜ਼ ਅਮਰੀਕਾ ਤੇ ਕੈਨੇਡਾ ਵਿਚਲੇ ਸਿੱਖ ਡਾਇਸਪੋਰੇ ਵੱਲੋਂ ਆਪਣੇ ਦਰਦਮਈ ਅਤੀਤਾਂ ਦੇ ਟੋਟਿਆਂ ਨੂੰ ਇਕਸੁਰ ਕਰਨ ਦੇ ਯਤਨਾਂ ਉੱਤੇ ਕੇਂਦ੍ਰਿਤ ਹੈ ਤਾਂ ਜੋ ਅਤਿਅੰਤ ਤਕਲੀਫ਼ਦੇਹ ਨਿੱਜੀ ਤਜਰਬਿਆਂ ਨੂੰ ਸੱਭਿਆਚਾਰਕ ਅਰਥ ਤੇ ਆਕਾਰ ਪ੍ਰਦਾਨ ਕੀਤਾ ਜਾ ਸਕੇ। ਆਪਣੇ ਇਸ ਕਾਰਜ ਰਾਹੀਂ ਉਹ ਨੀਲਾ ਤਾਰਾ ਸਾਕੇ ਬਾਰੇ ਸਰਕਾਰ ਵੱਲੋਂ ਘੜੇ ਜਾਂ ਨਿਰਦੇਸ਼ਿਤ ਕਥਾਕ੍ਰਮ ਨੂੰ ਬੇਪਰਦ ਕਰਦੇ ਜਾ ਰਹੇ ਹਨ। ਇਹ ਕਾਰਜ ਉਨ੍ਹਾਂ ਨੂੰ ਦੁਨੀਆਂ ਦੇ ਹੋਰਨਾਂ ਘੱਲੂਘਾਰਿਆਂ ਜਾਂ ਕਤਲੇਆਮ ਦੇ ਪੀੜਤਾਂ ਜਿਵੇਂ ਕਿ ਯਹੂਦੀਆਂ, ਆਰਮੀਨੀਅਨਾਂ ਅਤੇ ਰਵਾਂਡਾ ਦੇ ਟੁਟਸੀਆਂ ਦੀ ਪੀੜਾ ਨੂੰ ਸਮਝਣਾ ਤੇ ਇਸ ਨਾਲ ਜੁੜਨਾ ਸੰਭਵ ਬਣਾ ਰਿਹਾ ਹੈ। ਇਹ ਸਹੀ ਹੈ ਕਿ ਕੁਝ ਜ਼ਖ਼ਮ ਅਜਿਹੇ ਹੁੰਦੇ ਹਨ ਜੋ ਕਦੇ ਨਹੀਂ ਭਰਦੇ ਪਰ ਆਪਣੇ ਦਰਦ ਨੂੰ ਦੂਜਿਆਂ ਦੇ ਦਰਦ ਨਾਲ ਜੋੜ ਕੇ ਦੇਖਣਾ, ਇਸ ਦਰਦ ਦਾ ਅਰਥ ਤੇ ਸ਼ਿੱਦਤ ਹੀ ਬਦਲ ਦਿੰਦਾ ਹੈ।
* ਲੇਖਕ ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆਫ਼ ਐਮਿਰਿਟਸ ਹੈ।
Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Comments

  1. ਡਾਕਟਰ ਆਸਾ ਸਿੰਘ ਘੁੰਮਣ says

    June 12, 2024 at 9:21 pm

    ਸੋਹਣਾ ਲਿਖਿਆ ਹੈ

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News