
ਫਰੀਦਕੋਟ – ਪੰਜਾਬ ਵਿੱਚ ਫਰੀਦਕੋਟ ਨੇੜਲੇ ਪਿੰਡ ਹਰੀ ਨੌਂ ਵਿਖੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਹਰੀ ਨੌਂ ਵਜੋਂ ਹੋਈ ਹੈ। ਪੰਚਾਇਤ ਚੋਣਾਂ ਤੋਂ ਪਹਿਲਾਂ ਪਿੰਡ ਵਿੱਚ ਗੋਲੀਬਾਰੀ ਦੀ ਵਾਪਰੀ ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਹਰੀ ਨੋਂ ਵਿਖੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਪੰਚਾਇਤੀ ਚੋਣਾਂ ‘ਚ ਸਰਪੰਚ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰ ਕੇ ਘਰ ਵਾਪਿਸ ਜਾ ਰਿਹਾ ਸੀ ਜਿਸ ਉੱਪਰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ।ਗੁਰਪ੍ਰੀਤ ਸਿੰਘ ਨੂੰ ਚਾਰ ਗੋਲ਼ੀਆਂ ਵੱਜੀਆਂ ਦੱਸੀਆਂ ਗਈਆਂ। ਵਾਰਦਾਤ ਤੋਂ ਬਾਅਦ ਹਮਲਾਵਰ ਉਥੋਂ ਫ਼ਰਾਰ ਹੋ ਗਏ। ਜ਼ਖਮੀ ਹਾਲਤ ‘ਚ ਗੁਰਪ੍ਰੀਤ ਸਿੰਘ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਗੁਰਪ੍ਰੀਤ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਅਤੇ ਉਸਦੀ ਦੀਪ ਸਿੱਧੂ ਨਾਲ ਵੀ ਕਾਫੀ ਨੇੜਤਾ ਰਹੀ ਸੀ।ਉਹ ਬੇਅਦਬੀ ਮਾਮਲਿਆਂ ਦੇ ਇਨਸਾਫ ਦੀ ਲੜਾਈ ‘ਚ ਸੁਖਰਾਜ ਸਿੰਘ ਨਾਲ ਵੀ ਜੁੜਿਆ ਰਿਹਾ ਹੈ ਅਤੇ ‘ਹਰੀ ਨੋਂ ਟਾਕ’ ਨਾਮਕ ਆਪਣਾ ਯੂ ਟਿਊਬ ਚੈੱਨਲ ਚਲਾਉਂਦਾ ਸੀ ਤੇ ਪੰਥਕ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ। ਪਿਛਲੇ ਕੁਝ ਸਮੇਂ ਤੋਂ ਗੁਰਪ੍ਰੀਤ ਸਿੰਘ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ।
ਨੌਜਵਾਨ ਗੁਰਪ੍ਰੀਤ ਸਿੰਘ ਦੇ ਕਤਲ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ। ਸ਼ੋਸ਼ਲ ਮੀਡੀਆ ‘ਤੇ ਕੁਝ ਲੋਕਾਂ ਦਾ ਆਖਣਾ ਹੈ ਕਿ ਜ਼ੁਲਮ ਦੇ ਖ਼ਿਲਾਫ਼ ਉੱਠਦੀਆਂ ਅਵਾਜ਼ਾਂ ਨੂੰ ਗੋਲੀ ਨਾਲ ਦਬਾਇਆ ਨਹੀਂ ਜਾ ਸਕਦਾ।
