
ਸਰੀ, ਬੀ.ਸੀ. – ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਵਿੱਚ ਫ਼ੀਲਡ ਹਾਕੀ ਦਾ ਇੱਕ ਹੋਰ ਮੈਦਾਨ ਬਣਾਇਆ ਜਾਵੇਗਾ । ਸਰੀ ਸਿਟੀ ਕੌਂਸਿਲ ਇਸ ਆਉਣ ਵਾਲੇ ਸੋਮਵਾਰ ਨੂੰ ਆਪਣੀ ਰੈਗੂਲਰ ਮੀਟਿੰਗ ਵਿੱਚ ਟਮੈਨਾਵਿਸ ਪਾਰਕ ਵਿੱਚ ਤੀਜੇ ਸਿੰਥੈਟਿਕ ਫੀਲਡ ਹਾਕੀ ਮੈਦਾਨ ਲਈ $3.9 ਮਿਲੀਅਨ ਦੀ ਲਾਗਤ ਦਾ ਕਾਂਨਟਰੈਕਟ ਦੇਣ ਲਈ ਵੋਟ ਕਰੇਗੀ। ਨਵਾਂ ਮੈਦਾਨ ਨਿਊਟਨ ਖੇਤਰ ਦੇ 12601 – 64 ਐਵੇਨਿਊ ਸਥਿਤ ਕਮਿਊਨਿਟੀ ਪਾਰਕ ਵਿੱਚ ਬਣਾਇਆ ਜਾਵੇਗਾ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਨਵਾਂ ਟਰਫ ਸਿਰਫ ਸਥਾਨਕ ਖੇਡ ਢਾਂਚੇ ਵਿੱਚ ਵਾਧਾ ਨਹੀਂ ਕਰੇਗਾ, ਸਗੋਂ ਸਰੀ ਨੂੰ ਕੈਨੇਡਾ ਦਾ ਇਕ ਅਜਿਹਾ ਸ਼ਹਿਰ ਬਣਾਵੇਗਾ, ਜਿੱਥੇ ਤਿੰਨ ਫ਼ੀਲਡ ਹਾਕੀ ਮੈਦਾਨ ਇਕੋ ਜਗ੍ਹਾ ਉਪਲਬਧ ਹੋਣਗੇ। ਮੇਅਰ ਨੇ ਇਸਨੂੰ ਨੌਜਵਾਨਾਂ ਨੂੰ ਖੇਡਾਂ ਵਿੱਚ ਰੁਚੀ ਵਧਾਉਣ ਅਤੇ ਸਪੋਰਟਸ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਸਰੀ ਦਾ ਟਮੈਨਵਿਸ ਪਾਰਕ ਖੇਡਾਂ ਦਾ ਕੇਂਦਰ ਬਿੰਦੂ ਬਣ ਰਿਹਾ ਹੈ।ਇੱਥੇ ਹਰੇਕ ਸਾਲ ਫ਼ੀਲਡ ਹਾਕੀ ਦੇ ਵੱਡੇ ਟੂਰਨਾਮੈਂਟ ਹੁੰਦੇ ਹਨ, ਜਿਨ੍ਹਾਂ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਹਿੱਸਾ ਲੈਂਦੇ ਹਨ।ਇਸ ਵੇਲੇ ਟਮੈਨਾਵਿਸ ਪਾਰਕ ਵਿੱਚ ਦੋ ਸਿੰਥੈਟਿਕ ਟਰਫ ਮੈਦਾਨ, ਬੇਸਬਾਲ ਦਾ ਮੈਦਾਨ, ਅਤੇ ਫੁੱਟਬਾਲ ਗਰਾਊਂਡ ਸ਼ਾਮਲ ਹਨ। ਨਵਾਂ ਮੈਦਾਨ ਇਸ ਪਾਰਕ ਨੂੰ ਫੀਲਡ ਹਾਕੀ ਲਈ ਅੰਤਰਰਾਸ਼ਟਰੀ ਪੱਧਰ ਦੀ ਸਹੂਲਤ ਨਾਲ ਲੈਸ ਕਰ ਦੇਵੇਗਾ । ਇਹ ਪ੍ਰੋਜੈਕਟ ਮਾਰਚ 2025 ਵਿਚ ਸ਼ੁਰੂ ਹੋਵੇਗਾ ਅਤੇ ਇਸੇ ਸਾਲ ਦੇ ਅਖੀਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਇਸ ਪ੍ਰਾਜੈਕਟ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਟੀ ਦੇ ਪਾਰਕਸ, ਰੀਕ੍ਰੀਏਸ਼ਨ ਅਤੇ ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰ ਕੌਂਸਲਰ ਗੋਰਡ ਹੈਪਨਰ ਨੇ ਕਿਹਾ, “ਇਹ ਪ੍ਰੋਜੈਕਟ ਸਥਾਨਕ ਕਲੱਬਾਂ ਅਤੇ ਖਿਡਾਰੀਆਂ ਲਈ ਮਹੱਤਵਪੂਰਨ ਹੋਵੇਗਾ। ਇਸ ਨਾਲ ਸਰੀ ਨੂੰ ਫੀਲਡ ਹਾਕੀ ਦੇ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਜ਼ਿਆਦਾ ਮੌਕੇ ਮਿਲਣਗੇ।”
ਸਿਟੀ ਆਫ਼ ਸਰੀ ਦੀ ਮਲਟੀਕਲਚਰਲ ਮੀਡੀਆ ਰਿਲੇਸ਼ਨ ਲੀਡ ਪ੍ਰਭਜੋਤ ਕਾਹਲੋਂ ਵੱਲੋਂ ਮੀਡੀਆ ਦੇ ਨਾਲ ਸਾਂਝੇ ਕੀਤੇ ਵੇਰਵਿਆਂ ਅਨੁਸਾਰ ਨਵੇਂ ਮੈਦਾਨ ਦੀ ਉਸਾਰੀ ਲਈ ਫੰਡ 2024 ਦੇ ਪਾਰਕ, ਰੀਕ੍ਰੀਏਸ਼ਨ ਅਤੇ ਕਲਚਰ ਬਜਟ ’ਚੋਂ ਪ੍ਰਵਾਨ ਕੀਤਾ ਗਿਆ ਹੈ।
