
ਖਨੌਰੀ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਖ਼ਤਮ ਹੋਣ ਦੇ ਆਸਾਰ ਬਣ ਗਏ ਹਨ । ਅੱਜ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਜਿਹੇ ਹਾਲਾਤ ਬਣੇ ਹਨ । ਡੱਲੇਵਾਲ ਦੇ ਦੇ 54 ਦਿਨਾਂ ਦੇ ਮਰਨ ਵਰਤ ਤੋਂ ਬਾਅਦ, ਕੇਂਦਰ ਸਰਕਾਰ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ‘ਤੇ ਮੀਟਿੰਗ ਸ਼ੁਰੂ ਕਰਨ ਲਈ ਸਹਿਮਤ ਹੋ ਗਈ।ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸੈਕਟਰੀ ਵੱਲੋਂ ਕਿਸਾਨਾਂ ਨਾਲ ਚੰਡੀਗੜ੍ਹ ਵਿੱਚ ਗੱਲਬਾਤ ਸ਼ੁਰੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਹੈ।
ਕੇਂਦਰੀ ਮੰਤਰੀ ਜਾਂ (ਅਧਿਕਾਰੀਆਂ) ਅਤੇ ਕਿਸਾਨ ਸੰਗਠਨਾਂ ਵਿਚਕਾਰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਹੋਵੇਗੀ। ਕੇਂਦਰੀ ਆਗੂਆਂ ਨੇ ਡੱਲੇਵਾਲ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ । ਦੋਵਾਂ ਮੰਚਾਂ ਅਤੇ ਯੂਨੀਅਨ ਅਧਿਕਾਰੀਆਂ ਨੇ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਅਤੇ ਮੀਟਿੰਗ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਬਜ਼ੁਰਗ ਕਿਸਾਨ ਆਗੂ ਡੱਲੇਵਾਲ ਨੇ ਭੁੱਖ ਹੜਤਾਲ ‘ਤੇ ਬੈਠੇ 121 ਕਿਸਾਨਾਂ ਦੀ ਰਾਇ ਲੈਣ ਤੋਂ ਬਾਅਦ ਅਗਲਾ ਫੈਸਲਾ ਲੈਣ ਦਾ ਐਲਾਨ ਕੀਤਾ ਹੈ । ਉਨ੍ਹਾਂ ਗੱਲਬਾਤ ਲਈ ਸੱਦਾ ਭੇਜਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ।
ਖਨੌਰੀ ਬਾਰਡਰ ‘ਤੇ ਬੈਠੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਮਿਹਨਤ ਰੰਗ ਲਿਆਈ ਹੈ । ਸਰਕਾਰ ਗੱਲਬਾਤ ਕਰਨ ਲਈ ਰਾਜ਼ੀ ਹੋ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਡੱਲੇਵਾਲ ਸਾਹਿਬ ਭਾਂਵੇ ਸਰੀਰਕ ਪੱਖੋਂ ਕਮਜ਼ੋਰ ਹੋ ਗਏ ਹਨ ਪਰ ਉਹ ਆਤਮਿਕ ਪੱਖੋਂ ਕਾਫੀ ਬਲਵਾਨ ਹਨ ।
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰ MSP ‘ਤੇ ਗੱਲ ਕਰਨ ਲਈ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਰੋੜਾਂ ਲੋਕਾਂ ਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਰੱਖਣ ਲਈ ਲੜਾਈ ਲੜ ਰਹੇ ਹਨ । ਕਿਸਾਨਾਂ ਵੱਲੋਂ ਮੰਗਾਂ ਲਾਗੂ ਕਰਵਾਉਣ ਲਈ ਦੂਜੀ ਵਾਰ ਸ਼ੁਰੂ ਕੀਤੇ ਅੰਦੋਲਨ ਨੂੰ ਵੀ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ।
ਤਾਜ਼ਾ ਖਬਰਾਂ ਮੁਤਾਬਕ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਲਈ ਤਿਆਰ ਹੋ ਗਏ ਹਨ ।
