
ਅਮ੍ਰਿੰਤਸਰ – ਭਾਰਤ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਜਿਥੇ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਨ੍ਹਾਂ ਯਾਤਰੀ ਕਿਤਾਬ ਵਿੱਚ ਆਪਣੇ ਅਨੁਭਵ ਸਾਂਝੇ ਕਰਦਿਆਂ ਲਿਖਿਆ ਕਿ ਇਲਾਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਪਨਾ ਸਾਕਾਰ ਹੋਇਆ ਹੈ। ਦੇਸ਼ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਅਰਦਾਸ ਕਰਨ ਦੇ ਯੋਗ ਹੋਣ ਦਾ ਪਲ ਵਡਭਾਗਾ ਹੈ । ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ‘ਚ ਪੁਲਸ ਫੋਰਸ ਤਾਇਨਾਤ ਸੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਇਤਿਹਾਸਕ ਪੁਸਤਕਾਂ ਦਾ ਇੱਕ ਸੈੱਟ ਭੇਂਟ ਕੀਤਾ। ਇਸ ਮੌਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਮੰਚਾਂ ਉੱਪਰ ਸਿੱਖਾਾਂ ਖਿਲਾਫ਼ ਕੀਤੇ ਜਾਂਦੇ ਪ੍ਰਾਪੇਗੰਡਾਂ ਨੂੰ ਰੋਕਣ ਲਈ ਇੱਕ ਮੰਗ ਪੱਤਰ ਵੀ ਸੌਂਪਿਆਂ ਗਿਆ।
ਇਸ ਮੌਕੇ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਭਾਰਤ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਪਰ ਫਿਰ ਵੀ ਸੋਸ਼ਲ ਮੀਡੀਆ ਮੰਚਾਂ ‘ਤੇ ਉਨ੍ਹਾਂ ਦੇ ਇਤਿਹਾਸ, ਮਰਿਯਾਦਾ ਅਤੇ ਪਛਾਣ ਨੂੰ ਲੈ ਕੇ ਨਫ਼ਰਤੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਜਿਸਨੂੰ ਰੋਕਣ ਵਿੱਚ ਸਰਕਾਰਾਂ ਵੀ ਕੋਈ ਠੋਸ ਕਦਮ ਨਹੀ ਚੁੱਕ ਰਹੀਆਂ । ਉਨ੍ਹਾਂ ਭਾਰਤ ਦੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਕਿ ਨਿਆਂ ਪ੍ਰਣਾਲੀ ਦੇ ਸਿਖਰਲੇ ਅਹੁਦੇ ‘ਤੇ ਹੁੰਦਿਆਂ ਇਸ ਸੰਜੀਦਾ ਮਸਲੇ ਦਾ ਨੋਟਿਸ ਲਿਆ ਜਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਉਹ ਦੂਜੀ ਵਾਰ ਇੱਥੇ ਆਏ ਹਨ। ਪਹਿਲੀ ਵਾਰ ਉਹ 1975 ਵਿੱਚ ਆਪਣੇ ਪਿਤਾ ਨਾਲ ੳਸ ਮੌਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਜਦੋਂ ਉਹ ਸਕੂਲ ਵਿੱਚ ਪੜ੍ਹਦੇ ਸਨ । ਉਨ੍ਹਾਂ ਨੂੰ ਹਰ ਵਾਰ ਇੱਥੇ ਆ ਕੇ ਰੂਹਾਨੀ ਸਕੂਨ ਹਾਸਲ ਹੁੰਦਾਂ ਹੈ ।
