
ਸ੍ਰੀ ਅੰਮ੍ਰਿਤਸਰ ਸਾਹਿਬ – ਅਕਾਲੀ ਦਲ ਤੋਂ ਨਾਬਰ ਹੋਏ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬੀ ਜਾਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦਿਆਂ ਸਪੱਸ਼ਟੀਕਰਣ ਦੇ ਦਿੱਤਾ ਹੈ। ਦੋਹਾਂ ਆਗੂਆਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਵੱਲੋਂ ਜੋ ਵੀ ਆਦੇਸ਼ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨੇ ਵੀ ਆਪਣਾ ਸਪੱਸ਼ਟੀਕਰਨ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਸੌਂਪਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਸਮੇਂ ਸਿਰਫ 16 ਦਿਨ ਮੰਤਰੀ ਰਹੇ ਸਨ। 2007 ਤੋਂ ਲੈ ਕੇ 2012 ਤੱਕ ਉਹ ਨਾ ਤਾਂ ਵਿਧਾਇਕ ਸਨ ਅਤੇ ਨਾ ਹੀ ਮੰਤਰੀ। 2012 ਵਿੱਚ ਉਹ 14 ਮਾਰਚ ਨੂੰ ਮੰਤਰੀ ਬਣੇ ਸਨ ਅਤੇ 30 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ 16 ਦਿਨਾਂ ਦੌਰਾਨ ਤਤਕਾਲੀ ਅਕਾਲੀ ਸਰਕਾਰ ਨੇ ਨਾ ਤਾਂ ਕੋਈ ਵਿਵਾਦਤ ਫੈਸਲਾ ਲਿਆ ਸੀ ਅਤੇ ਨਾ ਹੀ ਕੋਈ ਫੈਸਲਾ ਵਿਚਾਰਿਆ ਗਿਆ ਸੀ। ਬੀਬੀ ਜਾਗੀਰ ਕੌਰ ਨੇ ਕਿਹਾ ਕਿ ਪੰਥਕ ਮਰਿਯਾਦਾ ਨਿਭਾਉਣ ਲਈ ਉਨ੍ਹਾਂ ਹਮੇਸ਼ਾਂ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਹੈ।
ਚੇਤੇ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 17 ਅਕਾਲੀ ਸਾਬਕਾ ਮੰਤਰੀਆਂ ਨੂੰ ਚਿੱਠੀ ਭੇਜ ਕੇ ,15 ਦਿਨ ਅੰਦਰ ਜਵਾਬ ਮੰਗਿਆਂ ਗਿਆ ਸੀ । ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ , ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ ਅਤੇ ਸੁੱਚਾ ਸਿੰਘ ਲੰਗਾਹ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪੋ- ਆਪਣਾ ਸਪੱਸ਼ਟੀਕਰਣ ਦੇ ਚੁੱਕੇ ਹਨ।
