
ਬੁਢਲਾਡਾ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਬੁਢਲਾਡਾ,ਭੁੱਚੋ, ਮੌੜ,ਮਾਨਸਾ, ਤਲਵੰਡੀ ਸਾਬੋ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।
ਬੁਢਲਾਡਾ ਵਿਖੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, “ਅੱਜ ਬੁਢਲਾਡੇ ਵਿਖੇ ਆਪਣਿਆਂ ਵਿੱਚ ਆ ਕੇ ਬੇਹੱਦ ਖੁਸ਼ੀ ਹੋਈ, ਲੋਕਾਂ ਵੱਲੋਂ ਦਿੱਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਐਤਕੀਂ ਲੋਕ ਸਭਾ ਚੋਣਾਂ ‘ਚ ਬਠਿੰਡੇ ਵਾਲੇ ਨੰਨ੍ਹੀ ਛਾਂ ‘ਤੇ ਲੋਹੇ ਵਾਲਾ ਸੁਹਾਗਾ ਫੇਰ ਕੇ ਛੱਡਣਗੇ।” ਮੁੱਖ ਮੰਤਰੀ ਨੇ ਕਿਹਾ ਕਿ ਸਰਦੂਲਗੜ੍ਹ ਦੇ ਇੱਕੋ ਪਿੰਡ ਕਰੰਡੀ ‘ਚ ਹੀ ਨੌਜਵਾਨ ਮੁੰਡੇ-ਕੁੜੀਆਂ ਨੂੰ ਕਾਬਲੀਅਤ ਦੇ ਆਧਾਰ ‘ਤੇ 40 ਨੌਕਰੀਆਂ ਮਿਲ ਚੁੱਕੀਆਂ ਨੇ। ਜੋ ਪਹਿਲਾਂ 70 ਸਾਲਾਂ ‘ਚ ਕਦੇ ਨਹੀਂ ਹੋਇਆ ਉਹ ਅਸੀਂ 2 ਸਾਲਾਂ ‘ਚ ਹੀ ਕਰਕੇ ਦਿਖਾ ਦਿੱਤਾ।
ਉਹਨਾ ਕਿਹਾ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਕ੍ਰਾਂਤੀਕਾਰੀ ਲੋਕਾਂ ਦਾ ਇੰਨੀ ਗਰਮੀ ਦੇ ਬਾਵਜੂਦ ਵੀ ਭਾਰੀ ਗਿਣਤੀ ‘ਚ ਪਹੁੰਚਣ ‘ਤੇ ਤਹਿ ਦਿਲੋਂ ਧੰਨਵਾਦ,ਅੱਜ ਦਾ ਇਹ ਇਕੱਠ ਗਵਾਹੀ ਭਰਦਾ ਹੈ ਕਿ ਬੁਢਲਾਡੇ ਵਾਲੇ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਵੇਹਲਾ ਕਰ ਦੇਣਗੇ।
