
ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲ ਅੰਗੁਰਾਲ ਦਾ ਚੈਲੰਜ ਕਬੂਲ ਕਰ ਲਿਆ ਹੈ। ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਭਗਵੰਤ ਮਾਨ ਦੇ ਪਰਿਵਾਰ ਉੱਪਰ ਪੈਸੇ ਖਾਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ੀਤਲ ਅੰਗੁਰਾਲ ਨੇ ਸੋਸ਼ਲ਼ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਦਿਆਂ ਭਗਵੰਤ ਮਾਨ ਦੀ ਪਤਨੀ ਅਤੇ ਭੈਣ ਉੱਪਰ ਇਲਜ਼ਾਮ ਲਗਾਏ ਹਨ।ਸ਼ੀਤਲ ਅੰਗੁਰਾਲ ਨੇ ਕਿਹਾ ਕਿ ਜਲੰਧਰ ਵਿੱਚ ਹਫ਼ਤਾ ਵਸੂਲੀ ਕੀਤੀ ਜਾਂਦੀ ਹੈ। ਜਲੰਧਰ ਦਾ ਇੱਕ ਵਿਧਾਇਕ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਸ਼ਹਿਰ ਵਿੱਚੋਂ ਉਗਰਾਹੀ ਕਰਦਾ ਹੈ।ਭਾਜਪਾ ਉਮੀਦਵਾਰ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਚੋਣਾਂ ਤੋਂ ਪੰਜ ਦਿਨ ਪਹਿਲਾਂ, 5 ਜੁਲਾਈ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਸਬੂਤ ਪੇਸ਼ ਕਰੇਗਾ, ਜੇਕਰ ਉਸਦੀ ਗੱਲ ਝੂਠੀ ਹੋਈ ਤਾਂ ਉਹ ਚੋਣ ਨਹੀਂ ਲੜੇਗਾ।
ਦੁਜੇ ਪਾਸੇ ਸ਼ੀਤਲ ਅੰਗੁਰਾਲ ਦੀ ਇਸ ਚੁਣੌਤੀ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਹਰ ਇੱਕ ਨੂੰ ਆਪਦੇ ਵਰਗਾ ਨਹੀਂ ਸਮਝੀਦਾ ਹੁੰਦਾ ਸ਼ੀਤਲ ਅੰਗੁਰਾਲ, ਗੱਲ ਯਾਦ ਕਰ ਲਵੇ ਮੇਰੀ ਅੱਜ,ਜਿਹੜਾ ਝੂਠਾ ਖ਼ੁਲਾਸਾ ਕਰਨਾ ਹੈ ਤਾਂ ਅੱਜ ਹੀ ਕਰ ਦੇਵੇ, 5 ਤਰੀਕ ਤੱਕ ਦੀ ਵੀ ਕਿਹੜੀ ਉਡੀਕ ਕਰ ਰਿਹਾ ਹੈ?”
ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “ਸ਼ੀਤਲ ਅੰਗੁਰਾਲ ਦਾ ਕੋਈ ਸਟੈਂਡ ਨਹੀਂ,ਪਹਿਲਾਂ ਅਸਤੀਫ਼ਾ ਦੇ ਗਿਆ, ਬਾਅਦ ‘ਚ ਕਹਿੰਦਾ ਵਾਪਸ ਲੈਣਾ, ਲੋਕਾਂ ਨੂੰ ਸਮਝਦੇ ਕੀ ਨੇ ਇਹ? ਜਦਕਿ ਸਰਕਾਰ ‘ਚ ਹੁੰਦਾ ਤਾਂ ਲੋਕਾਂ ਦੇ ਕੰਮ ਕਰਵਾ ਸਕਦਾ ਸੀ ਪਰ ਕੰਮ ਤਾਂ ਲੈ ਕੇ ਆਉਂਦਾ, ਲੈ ਕੇ ਹੀ ਨਹੀਂ ਆਇਆ ਕਦੇ।ਜੇ ਪਿਛਲੇ ਵਾਲ਼ਾ ਵਿਧਾਇਕ ਇਮਾਨਦਾਰ ਹੁੰਦਾ ਤਾਂ ਦੁਬਾਰਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਹੁਣ ਵੀ ਉਹ ਵਿਧਾਇਕ ਬਣਨ ਵਾਸਤੇ ਹੀ ਖੜ੍ਹਾ ਹੈ। ਇਸਦਾ ਮਤਲਬ ਤਾਂ ਇਹੀ ਹੋਇਆ ਉਸਦੇ ਇੱਥੋਂ ਪੈਸੇ ਨਹੀਂ ਬਣ ਰਹੇ ਸੀ, ਉਥੋਂ ਬਣਾਉਣੇ ਚਾਹੁੰਦਾ ਹੈ।”
ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, “ਅਸੀਂ ਉਹ ਗਾਰੰਟੀਆਂ ਵੀ ਪੂਰੀਆਂ ਕਰ ਦਿੱਤੀਆਂ ਜੋ ਦਿੱਤੀਆਂ ਵੀ ਨਹੀਂ ਸੀ।16 ਟੋਲ ਪਲਾਜ਼ੇ ਬੰਦ ਕਰ ਦਿੱਤੇ ਜਿਸ ਨਾਲ਼ ਲੋਕਾਂ ਦੇ ਇੱਕ ਦਿਨ ਦੇ 60 ਲੱਖ ਰੁਪਏ ਬਚਦੇ ਹਨ। ਵਿਧਾਇਕਾਂ ਦੀ ਪੈਨਸ਼ਨ ਘਟਾਈ, 600 ਯੂਨਿਟ ਬਿਜਲੀ ਮੁਆਫ਼ ਕੀਤੀ ਅਤੇ ਨੌਕਰੀਆਂ ਦਿੱਤੀਆਂ।ਮੈਂ ਚਾਹੁੰਦਾ ਹਾਂ ਸਾਡੇ ਬੱਚੇ ਪੜ੍ਹਨ, ਨੰਬਰ ਲੈਣ ਅਤੇ ਨੌਕਰੀ ਦੀ ਅਰਜ਼ੀ ਉਨ੍ਹਾਂ ਦੇ ਘਰ ਪਹੁੰਚੇਗੀ।”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਸਵੇਰੇ ਉੱਠਦੇ ਸਾਰ ਹੀ ਪ੍ਰੈਸ ਕਾਨਫਰੰਸ ਧਰ ਕੇ ਬਹਿ ਜਾਂਦੇ ਨੇ, ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ,ਗਾਲ੍ਹਾਂ ਵੀ ਉਹ ਕੱਢ ਰਹੇ ਨੇ ਜਿਨ੍ਹਾਂ ਦਾ ਕੰਮ ਨਹੀਂ ਬਣਿਆ। ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਵਾਈ ਬੈਠੇ ਸੀ ਪਰ ਇੱਦਾਂ ਹੀ ਰਹਿ ਗਈਆਂ। ਉਹ ਰਾਤ 11 ਵਜੇ ਤਕ ਨਹੀਂ ਬਹਿ ਸਕਦੇ ਜਦਕਿ ਮੈਂ ਹਰ ਪਲ ਲੋਕਾਂ ‘ਚ ਹੀ ਹੁੰਦਾ ਹਾਂ।
