
ਬਡਰੁੱਖਾਂ- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਪਿੰਡ ਬਡਰੁੱਖਾਂ (ਜ਼ਿਲ੍ਹਾ ਸੰਗਰੂਰ) ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ‘ਚ ਹਾਜ਼ਰ ਲੋਕਾਂ ਨੂੰ ਸੰਬੋਧਨ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਰਾਜ ਕੌਰ ਜੀ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦੇ ਹੋਏ, ਧੀਆਂ ਦੇ ਸਨਮਾਨ ਬਾਰੇ ਬੜੇ ਪ੍ਰੇਰਨਾਦਾਇਕ ਸ਼ਬਦ ਸਾਂਝੇ ਕੀਤੇ।ਮੁੱਖ ਮੰਤਰੀ ਨੇ ਕਿਹਾ ਕਿ ਜਨਮ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੂੰ ਦੱਬਣ ਚਲੇ ਗਏ ਸਨ ਪਰੰਤੂ ਰਸਤੇ ਵਿੱਚ ਮਿਲੇ ਇੱਕ ਪੰਡਤ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਇਹ ਪਾਪ ਨਾ ਕਮਾਓ, ਇਹਦੀ ਕੁੱਖ ਨੇ ਸੂਰਮੇ ਨੂੰ ਜਨਮ ਦੇਣਾ ਹੈ! ਮੁੱਖ ਮੰਤਰੀ ਨੇ ਕਿਹਾ ਜੇ ਕੋਈ ਰਾਜ ਮੰਨਿਆ ਗਿਆ ਹੈ ਇਨਸਾਫ਼, ਨਿਰਪੱਖ ਅਤੇ ਬਰਾਬਰੀ ਲਈ ਤਾਂ ਉਹ ਰਾਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮੰਨਿਆ ਗਿਆ ਹੈ।ਇਨਸਾਫ਼ ਦੇ ਮਾਮਲੇ ‘ਚ ਉਨ੍ਹਾ ਦੀ ਬਹੁਤ ਤਿੱਖੀ ਬੁੱਧੀ ਸੀ ਜਿਸਦੀਆਂ ਇਤਿਹਾਸ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੁਣ ਜਨਤਕ ਵੰਡ ਪ੍ਰਣਾਲੀ ਤਹਿਤ ਲੋਕਾਂ ਨੂੰ ਚਾਰ ਮਹੀਨਿਆਂ ਦੀ ਕਣਕ ਇਕੱਠੀ ਦੇਵੇਗੀ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਪੁਲਿਸ ਵਿੱਚ ਜਲਦ ਹੀ 10,000 ਨਵੇਂ ਮੁਲਾਜ਼ਮਾਂ ਦੀ ਭਰਤੀ ਕਰੇਗੀ, ਜਿਸ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕਾਫਲੇ ਦੇ ਅੱਗੇ ਚੱਲਣ ਵਾਲੇ ਮੋਟਰਸਾਇਕਲਾਂ ਵਾਲੇ ਨੌਜਵਾਨ ਮੇਰੀ ਨਿਗ੍ਹਾ ਹੇਠ ਆ ਗਏ ਹਨ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸਰਕਾਰ ਵਿੱਚ ਹਿੱਸੇਦਾਰ ਬਣਾਵਾਂਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਅਖਤਿਆਰ ਦੇ ਕੇ ਪਰਵਾਸ ਨੂੰ ਪੁੱਠਾ ਗੇੜ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਿਆ ਹੈ ਅਤੇ ਇਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ‘ਖਵਾਜ਼ਾ ਪੀਰ’ ਦੀ ਪੂਜਾ ਕਰਦੇ ਹਨ ਪਰ ਕੈਪਟਨ ਅਤੇ ਸੁਖਬੀਰ ਵਰਗੇ ਆਗੂਆਂ ਨੂੰ ਇਸ ਜਲ ਦੇਵਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਕਦੇ ਜ਼ਮੀਨੀ ਪੱਧਰ ‘ਤੇ ਕੋਈ ਕੰਮ ਹੀ ਨਹੀਂ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਜਦੋਂਕਿ ਪਹਿਲਾਂ ਦੇ ਹੁਕਮਰਾਨਾਂ ਨੇ ਕਦੇ ਵੀ ਇਸ ਪਾਸੇ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ।
ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਅਤੇ ਹੋਰਨਾਂ ਆਗੂਆਂ ਨੂੰ ਪੰਜਾਬੀ ਦੀ ਮੁੱਢਲੀ ਲਿਖਤੀ ਪ੍ਰੀਖਿਆ ਪਾਸ ਕਰਨ ਲਈ ਵੰਗਾਰਿਆ।ਉਨ੍ਹਾਂ ਕਿਹਾ ਕਿ ਇਹਨਾਂ ਸਿਆਸਤਦਾਨਾਂ ਨੂੰ ਸੂਬੇ ਦੀ ਰਾਜਧਾਨੀ ਦਾ ਨਾਂ ਜ਼ਰੂਰ ਪਤਾ ਹੋਵੇਗਾ ਪਰ ਉਹ ਇਸ ਨੂੰ ਪੰਜਾਬੀ ਵਿੱਚ ਨਹੀਂ ਲਿਖ ਸਕਦੇ।

