
ਮੋਗਾ- ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਹੋਈ ਰੈਲੀ ਵਿੱਚ ਲੋਕਾਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ । ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੋਗੇ ਦੀ ਧਰਤੀ ‘ਤੇ ਅੱਜ ਲੱਖਾਂ ਪੰਜਾਬੀਆਂ ਦਾ ਠਾਠਾਂ ਮਾਰਦਾ ਜਨ-ਸੈਲਾਬ ਕੋਈ ਆਮ ਇਕੱਠ ਨਹੀਂ, ਸਗੋਂ ‘ਕੰਮ ਦੀ ਰਾਜਨੀਤੀ’ ‘ਤੇ ਲੋਕਾਂ ਦੀ ਇਤਿਹਾਸਕ ਮੋਹਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਨੀਅਤ ਸਾਫ਼ ਹੋਵੇ, ਜ਼ੀਰੋ ਬਿਜਲੀ ਬਿੱਲ, 77 ਹਜ਼ਾਰ ਤੋਂ ਵੱਧ ਬਿਨਾਂ ਰਿਸ਼ਵਤ ਨੌਕਰੀਆਂ, ਟੇਲਾਂ ਤੱਕ ਨਹਿਰੀ ਪਾਣੀ, 10 ਲੱਖ ਤੱਕ ਮੁਫ਼ਤ ਇਲਾਜ ਤੇ ਮਾਵਾਂ-ਧੀਆਂ ਦਾ ਸਨਮਾਨ ਹੋਵੇ, ਤਾਂ ਲੋਕ ਆਪਣੇ-ਆਪ ਕਾਫ਼ਲੇ ਬਣ ਕੇ ਤੁਰ ਪੈਂਦੇ ਨੇ ।
ਉਹਨਾਂ ਕਿਹਾ ਇਹ ਇਤਿਹਾਸਕ ਰਿਕਾਰਡ ਤੋੜ ਇਕੱਠ ਗਵਾਹ ਹੈ ਕਿ ਪੰਜਾਬ ਹੁਣ ਪੁਰਾਣੇ ਲਾਰਿਆਂ ਨੂੰ ਨਹੀਂ, ਸਿਰਫ਼ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ।
ਇਸ ਮੌਕੇ ਅਕਾਲੀ-ਭਾਜਪਾ ਗਠਜੋੜ ਨੂੰ ਲੰਮੇ ਹੱਥੀਂ ਲੈੰਦਿਆ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਰੋਲਣ ਵਾਲੀ ਪਾਰਟੀ ਨਾਲ ਮੁੜ ਗਠਜੋੜ ਕਰਕੇ ਸੁਖਬੀਰ ਬਾਦਲ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਜਾਣਗੇ ।
ਉਹਨਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਬਣਾਉਣ ਪਿੱਛੇ ਬਾਦਲ ਧੜੇ ਨੇ ਪੰਜਾਬ ਦੀ ਕਿਸਾਨੀ ਦਾ ਸੌਦਾ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਰਵਨੀਤ ਬਿੱਟੂ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਵਰਗੇ ਮੌਕਾਪ੍ਰਸਤ ਆਗੂ ਜੋ ਆਪਣੇ ਨਿੱਜੀ ਸਵਾਰਥਾਂ ਲਈ ਵਾਰ-ਵਾਰ ਪਾਰਟੀਆਂ ਅਤੇ ਬਿਆਨ ਬਦਲਦੇ ਰਹਿੰਦੇ ਹਨ ਉਨ੍ਹਾਂ ਦਾ ਦੋਗਲਾ ਚਿਹਰਾ ਪੰਜਾਬ ਦੀ ਜਨਤਾ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ।

Comments