
ਸਰੀ, ਬੀ.ਸੀ. – 29 ਸਤੰਬਰ ਨੂੰ ਹੋਈ ਕੌਂਸਿਲ ਮੀਟਿੰਗ ਵਿੱਚ ਮਨਜ਼ੂਰੀ ਮਿਲਣ ਨਾਲ ਕਿੰਗ ਜੌਰਜ ਬੁਲੇਵਾਰਡ (King George Boulevard) ਬੱਸ ਰੈਪਿਡ ਟ੍ਰਾਂਜ਼ਿਟ (Bus Rapid Transit-BRT) ਪ੍ਰੋਜੈਕਟ ਅਗਲੇ ਡਿਜ਼ਾਈਨ ਦੇ ਪੜਾਅ ਵੱਲ ਵਧ ਰਿਹਾ ਹੈ। ਇਸ ਪੜਾਅ ਵਿੱਚ ਸਿਟੀ ਅਤੇ ਟ੍ਰਾਂਸਲਿੰਕ ਸੇਧ ਵਿਕਲਪਾਂ ਨੂੰ ਸੁਧਾਰਨ, ਟ੍ਰੈਫਿਕ ਦੇ ਉਤਰਾ-ਚੜ੍ਹਾਅ ਦਾ ਵਿਸ਼ਲੇਸ਼ਣ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਕਿ ਪ੍ਰੋਜੈਕਟ ਸਰੀ ਟਾਊਨ ਸੈਂਟਰ ਦੀਆਂ ਯੋਜਨਾਵਾਂ ਅਤੇ ਆਵਾਜਾਈ ਨੈੱਟਵਰਕ ਸੁਧਾਰਾਂ ਨਾਲ ਮੇਲ ਖਾਂਦਾ ਹੋਵੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਖੇਤਰ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ, ਅਤੇ ਸਾਡੇ ਨਿਵਾਸੀ ਜਿੰਨੀ ਛੇਤੀਂ ਸੰਭਵ ਹੋ ਸਕੇ ਵਧੇਰੇ ਅਤੇ ਤੇਜ਼ ਆਵਾਜਾਈ ਦੇ ਹੱਕਦਾਰ ਹਨ”। ਮੈਨੂੰ ਮਾਣ ਹੈ ਕਿ ਕਿੰਗ ਜੌਰਜ ਬੁਲੇਵਾਰਡ ਨੂੰ ਖੇਤਰ ਦੇ ਪਹਿਲੇ ਤਿੰਨ ਬੀ.ਆਰ.ਟੀ. ਰੂਟਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ । ਇਸ ਨਾਲ ਅਸੀਂ ਇੱਕ ਆਧੁਨਿਕ, ਉੱਚ- ਆਵਿਰਤੀ ਵਾਲੀ ਟ੍ਰਾਂਜ਼ਿਟ ਸੇਵਾ ਵੱਲ ਇਕ ਕਦਮ ਹੋਰ ਨੇੜੇ ਪਹੁੰਚ ਗਏ ਹਾਂ, ਜੋ ਸਿਟੀ ਸੈਂਟਰ ਤੋਂ ਸੇਮੀਆਹਮੂ ਟਾਊਨ ਸੈਂਟਰ ਤੱਕ ਯਾਤਰਾ ਸਮੇਂ ਨੂੰ 40 ਪ੍ਰਤੀਸ਼ਤ ਘਟਾ ਦੇਵੇਗੀ।”
ਸਰੀ ਸੈਂਟਰਲ ਤੋਂ ਸੇਮੀਆਹਮੂ ਟਾਊਨ ਸੈਂਟਰ (Semiahmoo Town Centre) ਤੱਕ, ਬੀ.ਆਰ.ਟੀ. ਵਿੱਚ 19-ਕਿਲੋਮੀਟਰ ਕੋਰੀਡੋਰ ‘ਤੇ 12 ਸਟੇਸ਼ਨ ਹੋਣਗੇ। ਇਸ ਵਿੱਚ ਜ਼ਿਆਦਾਤਰ ਰੂਟ ਦੇ ਨਾਲ ਸਮਰਪਿਤ ਲੇਨਾਂ (dedicated lanes) ਹੋਣਗੀਆਂ, ਜਿਹੜੀਆਂ ਸਰੀ ਦੇ ਟਾਊਨ ਸੈਂਟਰਾਂ ਨੂੰ ਮਜ਼ਬੂਤ, ਤੇਜ਼ ਅਤੇ ਭਰੋਸੇਮੰਦ ਸੇਵਾ ਪ੍ਰਦਾਨ ਕਰਨਗੀਆਂ।
ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕੁਇਨ ਨੇ ਕਿਹਾ, “ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਸਰੀ ਕੌਂਸਿਲ ਵਲੋਂ ਮਿਲੀ ਹਮਾਇਤ ਦੀ ਅਸੀਂ ਸ਼ਲਾਘਾ ਕਰਦੇ ਹਾਂ, ਜੋ ਸਾਨੂੰ ਕਿੰਗ ਜੌਰਜ ਬੁਲੇਵਾਰਡ ’ਤੇ ਤੇਜ਼, ਭਰੋਸੇਮੰਦ ਆਵਾਜਾਈ ਮੁਹੱਈਆ ਕਰਾਉਣ ਦੇ ਇੱਕ ਕਦਮ ਹੋਰ ਨੇੜੇ ਲੈ ਕੇ ਜਾ ਰਹੀ ਹੈ। ਜਿਵੇਂ ਕਿ ਇਸ ਡਿਜ਼ਾਈਨ ਦੇ ਅਗਲੇ ਪੜਾਅ ਵਿੱਚ ਦਾਖਲ ਹੋ ਰਹੇ ਹਾਂ, ਅਸੀਂ ਸਿਟੀ ਨਾਲ ਮਿਲ ਕੇ ਕੰਮ ਕਰਨ ਅਤੇ ਭਾਈਚਾਰੇ ਨਾਲ ਜੁੜ ਲੋਕਰਾਏ ਦੀ ਉਮੀਦ ਕਰਦੇ ਹਾਂ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੰਤਿਮ ਯੋਜਨਾ ਸਰੀ ਨਿਵਾਸੀਆਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਦੇ ਮੁਤਾਬਕ ਹੋਣ।”
ਟ੍ਰਾਂਸਲਿੰਕ 2026 ਵਿੱਚ ਜਨਤਕ ਸਲਾਹ-ਮਸ਼ਵਰੇ ਦੇ ਅਗਲੇ ਦੌਰ ਦਾ ਸੰਚਾਲਨ ਕਰੇਗਾ, ਅਤੇ ਵਿਸਥਾਰਿਤ ਡਿਜ਼ਾਇਨ ਅਤੇ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਸੰਕਲਪਿਕ ਡਿਜ਼ਾਈਨ ਪੂਰਾ ਹੋਣ ’ਤੇ ਕੌਂਸਲ ਨੂੰ ਵਾਪਸ ਰਿਪੋਰਟ ਦਿੱਤੀ ਜਾਵੇਗੀ।
ਕਿੰਗ ਜੌਰਜ ਬੁਲੇਵਾਰਡ (BRT) ਪ੍ਰੋਜੈਕਟ ਬਾਰੇ ਹੋਰ ਜਾਣਨ ਲਈ, surrey.ca/brt ’ਤੇ ਜਾਓ।
