
ਹਾਲ ਹੀ ਵਿੱਚ ਕਰਵਾਏ ਗਏ ਇੱਕ ਪੋਲ ਸਰਵੇਖਣ ਵਿੱਚ ਐਨ.ਡੀ.ਪੀ. ਦਾ ਪੱਲੜਾ ਭਾਰੀ ਦਿਖਾਇਆ ਗਿਆ ਹੈ। ਸੁਤੰਤਰ ਸਰਵੇ ਏਜੰਸੀ ਐਂਗਸ ਰੀਡ ਦੇ ਪੋਲ ਮੁਤਾਬਕ ਬੀ.ਸੀ. ਸੂਬੇ ਦੇ ਬਹੁਤੇ ਲੋਕ ਇੱਕ ਵਾਰ ਫਿਰ ਸੱਤਾਧਾਰੀ ਪਾਰਟੀ ਨੂੰ ਸੱਤਾ ਸੌਂਪਣ ਦਾ ਮਨ ਬਣਾਈ ਬੈਠੇ ਹਨ। ਪੋਲ ਅਨੁਸਾਰ ਸੱਤਾਧਾਰੀ ਪਾਰਟੀ ਆਪਣੇ ਦੋ ਪ੍ਰਮੁੱਖ ਸਿਆਸੀ ਦਲਾਂ ਬੀ.ਸੀ. ਯੂਨਾਇਟਡ ਅਤੇ ਕਨਸਰਵੇਟਿਵ ਤੋਂ ਦੁੱਗਣਾ ਸਮਰਥਨ ਹਾਸਲ ਕਰਦੀ ਦਿਖਾਈ ਦੇ ਰਹੀ ਹੈ । ਜੇਕਰ ਅੱਜ ਵੋਟਾਂ ਪੈਣੀਆਂ ਹੋਣ ਤਾਂ ਸਰਵੇਖਣ ਵਿੱਚ ਸ਼ਾਮਲ 43 ਫੀਸਦੀ ਲੋਕ ਐਨ.ਡੀ.ਪੀ. ਲਈ ਵੋਟ ਕਰਨਗੇ।ਮੁੱਖ ਵਿਰੋਧੀ ਧਿਰ ਬੀ.ਸੀ. ਯੂਨਾਈਟਡ ਅਤੇ ਕਨਸਰਵੇਟਿਵ ਪਾਰਟੀ ਨੂੰ 22 ਫੀਸਦੀ ਲੋਕਾਂ ਨੇ ਵੋਟ ਪਾਉਣ ਦਾ ਇਰਾਦਾ ਜ਼ਾਹਰ ਕੀਤਾ ਹੈ ਜਦਕਿ ਗਰੀਨ ਪਾਰਟੀ ਨੂੰ ਸਿਰਫ਼ 12 ਫੀਸਦੀ ਲੋਕ ਹੀ ਵੋਟ ਪਾਉਣਗੇ।
ਸਰਵੇ ਦੇ ਨਤੀਜਿਆਂ ਤੋਂ ਸਪੱਸ਼ਟ ਸੁਨੇਹਾ ਮਿਲਦਾ ਹੈ ਕਿ ਵੱਧਦੀ ਹੋਈ ਮਹਿੰਗਾਈ, ਸਿਹਤ ਸਹੂਲਤਾਂ ਅਤੇ ਕਿਫਾਇਤੀ ਘਰਾਂ ਦੇ ਨਿਰਮਾਣ ਦੇ ਮੁੱਦੇ ਤੇ ਘਿਰਦੀ ਨਜ਼ਰ ਆ ਰਹੀ ਸੱਤਾਧਾਰੀ ਪਾਰਟੀ ਨੂੰ ਫ਼ਿਲਹਾਲ ਵਿਰੋਧੀ ਧਿਰਾਂ ਵੱਲੋਂ ਕੋਈ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਪਰੰਤੂ ਜੇਕਰ ਦੋ ਸਿਆਸੀ ਧਿਰਾਂ ਕਨਸਰਵੇਟਿਵ ਅਤੇ ਬੀ.ਸੀ. ਯੂਨਾਈਟਡ ਗਠਜੋੜ ਕਰਕੇ ਚੋਣ ਲੜਦੀਆਂ ਹਨ ਤਾਂ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਿਆਸੀ ਸਮੀਕਰਣ ਤਬਦੀਲ ਹੋ ਸਕਦੇ ਹਨ।
