ਵੈਨਕੂਵਰ : ਇੱਥੇ ਫਿਲਪੀਨ ਭਾਈਚਾਰੇ ਦੇ ਸਟ੍ਰੀਟ ਫੈਸਟੀਵਲ ਵਿੱਚ ਐਸਯੂਵੀ ਟਰੱਕ ਦੇ ਭੀੜ ਵਿੱਚ ਵੱਜਣ ਤੋਂ ਬਾਅਦ 11 ਜਣਿਆਂ ਦੇ ਮਾਰੇ ਜਾਣ ਦੀ ਦਰਦਨਾਕ ਖਬਰ ਹੈ। ਸ਼ਨਿਚਰਵਾਰ 26 ਅਪ੍ਰੈਲ ਦੀ ਸ਼ਾਮ ਨੂੰ ਕਰੀਬ 8 ਵਜੇ ਤੋਂ ਮਗਰੋਂ ਫਰੇਜ਼ਰ ਸਟਰੀਟ ਅਤੇ ਈਸਟ 41 ਐਵਨਿਊ ਵੈਨਕੂਵਰ, ਵਿੱਚ ਇੱਕ ਫਿਲੀਪੀਨੋ ਫੈਸਟੀਵਲ ਵਿੱਚ, ਲੋਕਾਂ ਦੀ ਭੀੜ ਉੱਪਰ ਇੱਕ ਵਿਆਕਤੀ ਨੇ ਆਪਣੀ ਐਸਯੂਵੀ ਚਾੜ੍ਹ ਦਿੱਤੀ, ਜਿਸ ਕਾਰਨ ਭਿਆਨਕ ਤੇ ਦਿਲ ਕੰਬਾਊ ਹਾਦਸੇ ਵਿੱਚ ਕਈ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਇਹ ਘਟਨਾ ਸ਼ਨੀਵਾਰ ਰਾਤ 8 ਵਜੇ ਤੋਂ ਬਾਅਦ ਵਾਪਰੀ ਜਦੋਂ ਇੱਕ ਕਾਲੀ SUV – ਨੇ ‘ਲਾਪੂ ਲਾਪੂ’ ਡੇ ਬਲਾਕ ਪਾਰਟੀ (ਫਿਲਪੀਨੋ ਮੇਲਾ) ਵਿੱਚ ਸ਼ਾਮਿਲ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜੋ ਕਿ ਫਿਲੀਪੀਨਜ਼ ਦੇ ਪਹਿਲੇ ਰਾਸ਼ਟਰੀ ਨਾਇਕ ਦੇ ਸਨਮਾਨ ਵਿੱਚ ਇੱਕ ਸਾਲਾਨਾ ਜਸ਼ਨ ਸੀ। ਘਟਨਾ ਸਥਾਨ ਤੋਂ ਫੁਟੇਜ ਵਿੱਚ, ਕਈ ਪੀੜਤ ਜ਼ਮੀਨ ‘ਤੇ ਪਏ ਸਨ, ਜਿਨ੍ਹਾਂ ਵਿੱਚੋਂ ਕੁਝ ਮ੍ਰਿਤਕ ਜਾਂ ਕੁਝ ਹੋਰ ਗੰਭੀਰ ਜ਼ਖਮੀ ਦਿਖਾਈ ਦੇ ਰਹੇ ਸਨ। ਪੀੜਤਾਂ ਨੂੰ ਸੜਕ ਦੇ ਨਾਲ ਲਾਈਨ ਵਿੱਚ ਖੜ੍ਹੇ ਫੂਡ ਨਾਲ ਤੁਰਦੇ ਜਾਂ ਉਡੀਕ ਕਰਦੇ ਸਮੇਂ ਟੱਕਰ ਮਾਰੀ ਗਈ।
ਵੈਨਕੂਵਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਇੱਕ ਸਟ੍ਰੀਟ ਫੈਸਟੀਵਲ ਵਿੱਚ ਇੱਕ ਡਰਾਈਵਰ ਵੱਲੋਂ ਆਪਣਾ ਐਸਯੂਵੀ ਟਰੱਕ ਭੀੜ ਵਿੱਚ ਵੱਜਣ ਤੋਂ ਬਾਅਦ, ਕਈ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਭਿਆਨਕ ਹਾਦਸਾ ਕਰਨ ਵਾਲਾ ਡਰਾਈਵਰ ਹਿਰਾਸਤ ਵਿੱਚ ਹੈ। ਜਾਂਚ ਦੇ ਸਾਹਮਣੇ ਆਉਣ ‘ਤੇ ਹੋਰ ਜਾਣਕਾਰੀ ਸਾਹਮਣੇ ਆਵੇਗੀ।
ਵੈਨਕੂਵਰ ਪੁਲਸ ਦੇ ਅੰਤਰਿਮ ਚੀਫ਼ ਸਟੀਵ ਰਾਏ ਨੇ 11 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਖ਼ਮੀ ਹੋਏ ਵਿਅਕਤੀਆਂ ਦਾ ਵੈਨਕੂਵਰ ਦੇ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ।
ਇਸ ਦੌਰਾਨ ਹਾਦਸੇ ਵਾਲੀ ਜਗ੍ਹਾ ‘ਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ ਹਨ। ਇਹ ਸਪੱਸ਼ਟ ਨਹੀਂ ਹੈ ਕਿ ਇਹ ਹਾਦਸਾ ਦੁਰਘਟਨਾ ਸੀ ਜਾਂ ਜਾਣਬੁੱਝ ਕੇ ਕੀਤਾ ਗਿਆ, ਪਰ ਵੈਨਕੂਵਰ ਕਿੰਗਸਵੇਅ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਡੌਨ ਡੇਵਿਸ ਨੇ X ‘ਤੇ ਇੱਕ ਪੋਸਟ ਵਿੱਚ ਇਸ ਘਟਨਾ ਨੂੰ “ਭਿਆਨਕ ਹਮਲਾ” ਕਿਹਾ।
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ: “ਮੈਂ ਅੱਜ ਦੇ ਲਾਪੂ ਲਾਪੂ ਦਿਵਸ ਸਮਾਗਮ ਵਿੱਚ ਵਾਪਰੀ ਭਿਆਨਕ ਘਟਨਾ ਤੋਂ ਹੈਰਾਨ ਅਤੇ ਬਹੁਤ ਦੁਖੀ ਹਾਂ … ਸਾਡੀਆਂ ਭਾਵਨਾਵਾਂ ਇਸ ਬਹੁਤ ਹੀ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਸਾਰੇ ਲੋਕਾਂ ਅਤੇ ਵੈਨਕੂਵਰ ਦੇ ਫਿਲੀਪੀਨੋ ਭਾਈਚਾਰੇ ਦੇ ਨਾਲ ਹਨ।”
ਪੁਲਸ ਨੇ ਗੱਡੀ ਦੇ 30 ਕੁ ਸਾਲਾਂ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਹੈ । ਇਹ ਡਰਾਈਵਰ ਆਪਣੇ ਕਿਸੇ ਪਰਿਵਾਰਕ ਮੈਂਬਰ ਦੀ ਗੱਡੀ ਚਲਾ ਰਿਹਾ ਸੀ। ਫੜ੍ਹਿਆ ਗਿਆ ਡਰਾਈਵਰ ਵੈਨਕੂਵਰ ਦਾ ਵਸਨੀਕ ਦੱਸਿਆ ਗਿਆ ਹੈ ਜਿਸਦਾ ਪਹਿਲਾਂ ਤੋਂ ਹੀ ਪੁਲਸ ਨਾਲ ਵਾਹ ਪੈਂਦਾ ਰਿਹਾ ਹੈ । ਪੁਲਸ ਨੇ ਇਸ ਹਮਲੇ ਨੂੰ ਕਿਸੇ ਅੱਤਵਾਦੀ ਹਮਲੇ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ । ਕੈਨੇਡਾ ਵਿੱਚ ਭਲਕੇ ਫੈਡਰਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਵੋਟਾਂ ਪੈਣ ਤੋਂ ਐਨ ਪਹਿਲਾਂ ਵਾਪਰੇ ਇਸ ਦਰਦਨਾਕ ਹਾਦਸੇ ਨੇ ਕੈਨੇਡੀਅਨ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।
Comments