
ਫਗਵਾੜਾ- ਫਗਵਾੜਾ ਨੇੜੇ ਪਿੰਡ ਡੁਮੇਲੀ ’ਚ ਟਰੈਕਟਰ ਦੋੜਾਂ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ।ਤੇਜ਼ ਰਫ਼ਤਾਰ ਬੇਕਾਬੂ ਹੋਇਆ ਇੱਕ ਟਰੈਕਟਰ ਦੋੜਾਂ ਦੇਖਣ ਆਏ ਲੋਕਾਂ ਉੱਪਰ ਚੜ੍ਹ ਗਿਆ। ਪੰਜਾਬ ’ਚ ਟਰੈਕਟਰ ਦੌੜਾਂ ਨੂੰ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਐਲਾਨੇ ਜਾਣ ਦੇ ਬਾਵਜੂਦ ਆਯੋਜਿਤ ਕੀਤੀਆਂ ਗਈਆਂ ਟਰੈਕਟਰ ਦੌੜਾਂ ਦੇ ਗੰਭੀਰ ਮਾਮਲੇ ’ਚ ਪੁਲਸ ਨੇ ਕਰੀਬ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਐਤਵਾਰ ਫਗਵਾੜਾ ਪਹੁੰਚੇ ਡੀ. ਆਈ. ਜੀ. ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਇਸ ਮਾਮਲੇ ਦਾ ਬੇਹੱਦ ਸਖ਼ਤ ਨੋਟਿਸ ਲੈਂਦਿਆਂ ਮਾਮਲੇ ’ਚ ਸਖ਼ਤ ਪੁਲਸ ਕਾਰਵਾਈ ਦਾ ਐਲਾਨ ਕੀਤਾ ਹੈ। ਡੀ. ਆਈ. ਜੀ. ਗਿੱਲ ਨੇ ਕਿਹਾ ਕਿ ਜੇਕਰ ਕਿਤੇ ਵੀ ਕਾਨੂੰਨ ਦੇ ਉਲਟ ਕੁਝ ਵਾਪਰਦਾ ਹੈ ਤਾਂ ਕਾਨੂੰਨ ਤਹਿਤ ਸਖ਼ਤ ਪੁਲਸ ਕਾਰਵਾਈ ਕੀਤੀ ਜਾਵੇਗੀ।
ਡੀ.ਆਈ.ਜੀ. ਜਲੰਧਰ ਹਰਮਨਬੀਰ ਸਿੰਘ ਗਿੱਲ ਨੇ ਫਗਵਾੜਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡੁਮੇਲੀ ਤੋਂ ਕੁਝ ਨੁਮਾਇੰਦੇ ਟਰੈਕਟਰ ਰੇਸ ਕਰਾਉਣ ਲਈ ਐੱਸ.ਪੀ. ਰੁਪਿੰਦਰ ਕੌਰ ਨੂੰ ਮਿਲੇ ਸਨ ਪਰ ਉਨ੍ਹਾਂ ਨੇ ਕਿਹਾ ਸੀ ਕਿ ਅਜਿਹੀਆਂ ਦੌੜਾਂ ਦੀ ਮਨਾਹੀ ਹੈ। ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਕਾਨੂੰਨ ਦੀ ਪ੍ਰਵਾਹ ਨਾ ਕਰਦੇ ਹੋਏ ਡੁਮੇਲੀ ਪਿੰਡ ਵਿੱਚ ਟਰੈਕਟਰ ਦੌੜਾਂ ਕਰਵਾਈਆਂ ਗਈਆਂ ਜਿਸ ਦੌਰਾਨ ਹਾਦਸਾ ਹੋ ਗਿਆ।ਪੁਲਿਸ ਨੇ ਮਾਮਲੇ ਵਿਚ ਐਫ਼.ਆਈ.ਆਰ.ਦਰਜ ਕੀਤੀ ਹੈ ਜਿਸ ਵਿਚ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਤਿੰਨ ਟਰੈਕਟਰ ਕਬਜ਼ੇ ਵਿਚ ਲੈ ਲਏ ਹਨ।
