
ਹਾਲ ਹੀ ਵਿਚ ਅਮਰੀਕਾ ਦੇ ਨੁਮਾਇੰਦਾ ਸਦਨ ਵਿਚ ਟਿਕਟੌਕ ‘ਤੇ ਪਾਬੰਦੀ ਲਗਾਉਣ ਬਾਰੇ ਇਕ ਬਿੱਲ ਪਾਸ ਹੋਇਆ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੈਨੇਡਾ ਦੇ ਅੱਧੇ ਤੋਂ ਜ਼ਿਆਦਾ ਲੋਕ ਇਸ ਸੋਸ਼ਲ ਮੀਡੀਆ ਐਪ ‘ਤੇ ਪਾਬੰਦੀ ਲਗਾਉਣ ਦੀ ਹਮਾਇਤ ਕਰ ਰਹੇ ਹਨ। ਕੈਨੇਡਾ ਦੀ ਲਿਬਰਲ ਸਰਕਾਰ ਨੇ ਪਿਛਲੇ ਸਾਲ ਸਤੰਬਰ ਮਹੀਨੇ ਟਿਕਟੌਕ ਦੀ ਰਾਸ਼ਟਰੀ ਸੁਰੱਖਿਆ ਸਮੀਖਿਆ ਦਾ ਆਦੇਸ਼ ਦਿੱਤਾ ਸੀ। ਪੋਲ ਕੰਪਨੀ ਲੈਜਰ ਵੱਲੋਂ 23 ਤੋਂ 25 ਮਾਰਚ ਦੇ ਦਰਮਿਆਨ 1,605 ਕੈਨੇਡੀਅਨਾਂ ਕੋਲੋਂ ਟਿਕਟੌਕ ‘ਤੇ ਪਾਬੰਦੀ ਬਾਰੇ ਸਰਵੇਖਣ ਕਰਵਾਇਆ ਗਿਆ ਹੈ। ਸਰਵੇਖਣ ਵਿਚ ਸ਼ਾਮਿਲ ਸਿਰਫ 28 ਫ਼ੀਸਦੀ ਨੇ ਕਿਹਾ ਕਿ ਉਹ ਟਿਕਟੌਕ ‘ਤੇ ਪਾਬੰਦੀ ਦਾ ਵਿਰੋਧ ਕਰਨਗੇ। 55 ਸਾਲ ਅਤੇ ਉਸਤੋਂ ਵੱਧ ਉਮਰ ਦੇ 59 ਫ਼ੀਸਦੀ ਲੋਕ ਇਸ ‘ਤੇ ਪਾਬੰਦੀ ਦੇ ਹੱਕ ਵਿਚ ਹਨ।
ਕੈਨੇਡੀਅਨ ਨੌਜਵਾਨਾਂ ਵਿਚ ਟਿਕਟੌਕ ਦੀ ਵਧੇਰੇ ਵਰਤੋਂ ਕਰਨ ਦਾ ਰੁਝਾਨ ਸਾਹਮਣੇ ਆਇਆ ਹੈ। ਇਸ ਲਈ ਨੌਜਵਾਨ ਵਰਗ ਵੱਡੀ ਉਮਰ ਦੇ ਲੋਕਾਂ ਦੇ ਮੁਕਾਬਲੇ ਪਾਬੰਦੀ ਦਾ ਘੱਟ ਸਮਰਥਨ ਕਰ ਰਿਹਾ ਹੈ। ਸਰਵੇਖਣ ਵਿਚ ਸ਼ਮਲ 18 ਤੋਂ 34 ਸਾਲ ਦੇ ਵਿਚਕਾਰ ਵਾਲੇ ਲਗਭਗ ਅੱਧਿਆਂ ਨੇ ਟਿੱਕਟੌਕ ‘ਤੇ ਹੋਣ ਦੀ ਰਿਪੋਰਟ ਕੀਤੀ ਹੈ ਜਦ ਕਿ 55 ਸਾਲ ਤੋਂ ਵੱਧ ਉਮਰ ਦੇ ਮਹਿਜ਼ 12 ਫ਼ੀਸਦੀ ਲੋਕਾਂ ਨੇ ਆਪਣੀ ਟਿਕਟੌਕ ‘ਤੇ ਮੌਜੂਦਗੀ ਦੱਸੀ ਹੈ। ਟਿੱਕਟੌਕ ਦੇ ਅਧਿਕਾਰੀ ਬੋਰਕ ਨੇ ਕਿਹਾ ਕਿ ਅਮਰੀਕਾ ਵਿਚ ਸਿਆਸਤਦਾਨਾਂ ਵੱਲੋਂ ਟਿਕਟੌਕ ‘ਤੇ ਪਾਬੰਦੀ ਲਾਉਣ ਦੇ ਪੱਖ ਵਾਲੇ ਰੁਝਾਨ ਦਾ ਕੈਨੇਡਾ ਵਿਚ ਵੀ ਅਸਰ ਦਿਖਾਈ ਦੇ ਸਕਦਾ ਹੈ।
ਟਿਕਟੌਕ ਚੀਨੀ ਟੈਕ ਕੰਪਨੀ ByteDance Ltd ਦੀ ਪੂਰੀ ਮਲਕੀਅਤ ਵਾਲੀ ਇੱਕ ਸਹਾਇਕ ਕੰਪਨੀ ਹੈ। ਅਮਰੀਕੀ ਸਿਆਸਤਦਾਨ ਇਸ ਕਰਕੇ ਫ਼ਿਕਰਮੰਦ ਹੋ ਰਹੇ ਹਨ ਕਿ ਚੀਨੀ ਸਰਕਾਰ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੇ ਕਾਰਨ ਟਿਕਟੌਕ ਦੇ ਅਮਰੀਕੀ ਉਪਭੋਗਤਾਵਾਂ ਦੇ ਡੇਟਾ ਤੱਕ ਪਹੁੰਚ ਦੀ ਮੰਗ ਕਰ ਸਕਦੀ ਹੈ। ਇਸ ਬਿੱਲ ਨੂੰ ਫਿਲਹਾਲ ਸੈਨੇਟ ਵਲੋਂ ਪਾਸ ਕਰਨਾ ਬਾਕੀ ਹੈ। ਬਿੱਲ ਬਾਰੇ ਅਮਰੀਕੀ ਸਦਰ ਜੋਅ ਬਾਇਡਨ ਦਾ ਕਹਿਣਾ ਹੈ ਕਿ ਦੋਹਵਾਂ ਸਦਨਾਂ ਵਿਚੋਂ ਪਾਸ ਹੋਣ ਮਗਰੋਂ ਹੀ ਉਹ ਬਿੱਲ ਤੇ ਆਪਣੇ ਦਸਤਖ਼ਤ ਕਰਨਗੇ। ਬਿੱਲ ਮੁਤਾਬਕ ਜੇ ਟਿਕਟੌਕ ਦੀ ਚੀਨ ਅਧਾਰਤ ਮਾਲਕ ਕੰਪਨੀ ByteDance 180 ਦਿਨਾਂ ਦੇ ਅੰਦਰ -ਅੰਦਰ ਕਾਰੋਬਾਰ ਵਿੱਚੋਂ ਆਪਣੀ ਹਿੱਸੇਦਾਰੀ ਨਹੀਂ ਵੇਚਦੀ ਤਾਂ ਅਮਰੀਕਾ ਵਿਚ ਇਸ ਐਪ ‘ਤੇ ਪਾਬੰਦੀ ਲੱਗ ਜਾਵੇਗੀ। ਅਮਰੀਕਾ ਵਿਚ ਟਿੱਕਟੌਕ ਦੇ 170 ਮਿਲੀਅਨ ਰੋਂ ਵਧੇਰੇ ਵਰਤੋਂਕਾਰ ਹਨ।
ਕੈਨੇਡਾ ਵਿਚ ਕਰਵਾਏ ਗਏ ਲੈਜਰ ਪੋਲ ਵਿੱਚ ਸ਼ਾਮਲ 56 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਤੋਂ ਟਿਕਟੌਕ ਨਾਲ ਸਬੰਧਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਬਾਰੇ ਸੁਣਿਆ ਹੈ ਪਰੰਤੂ ਟਿਕਟੌਕ ਦੀ ਵਰਤੋਂ ਕਰਨੀ ਘੱਟ ਨਹੀਂ ਕੀਤੀ ਹੈ।
ਸਰਵੇਖਣ ਵਿਚ ਸ਼ਾਮਲ 33 ਫ਼ੀਸਦੀ ਮਾਪਿਆਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਐਪ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ ਹਨ।
ਕੈਨੇਡਾ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਟਿੱਕਟੌਕ ਨਾਲੋਂ ਵਧੇਰੇ ਵਰਤੋਂਕਾਰ ਹਨ ।
