
ਦਿੱਲੀ – ਵਾਤਾਵਰਣ ਨੂੰ ਪ੍ਰਣਾਈ ਈਕੋ ਸਿੱਖ ਜਥੇਬੰਦੀ ਨੇ ਨੀਲੇ ਘੋੜੇ ਦੇ ਅਸਵਾਰ ਬਾਜਾਂ ਵਾਲੇ ਮਾਹੀ ਦਾ ਅਲੋਪ ਹੋ ਚੁੱਕਾ ਬਾਜ਼ ਮੁੜ ਸੁਰਜੀਤ ਕਰਨ ਦਾ ਐਲਾਨ ਕੀਤਾ ਹੈ ! ਅਮਰੀਕਾ ਅਧਾਰਿਤ ਜਥੇਬੰਦੀ ਨੇ ‘ਸਰੀ ਨਿਊਜ਼’ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਲੋਪ ਹੋ ਚੁੱਕੇ ਬਾਜ਼ ਨੂੰ ਪੁਨਰ ਸੁਰਜੀਤ ਕਰਨ ਦੀ ਵਿਉਂਤ ਬਣਾਈ ਗਈ ਹੈ ।
EcoSikh ਜਥੇਬੰਦੀ ਦੇ ਰੂਹੇ ਰਵਾਂ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਰਾਜ ਪੰਛੀ ਉੱਤਰੀ ਗੋਸ਼ਾਕ (Northern Goshawk) ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਤੈਅ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਈਕੋਸਿੱਖ ਜਥੇਬੰਦੀ ਵੱਲੋਂ ਇਹ ਪਵਿੱਤਰ ਮਿਸ਼ਨ ਇੰਡੀਆ ਦੀ 140 ਸਾਲ ਪੁਰਾਣੀ ਜਥੇਬੰਦੀ ‘ਬੰਬਈ ਕੁਦਰਤ ਇਤਿਹਾਸਕ ਸੋਸਾਇਟੀ’ ਨਾਲ ਮਿਲਕੇ ਪੂਰਾ ਕੀਤਾ ਜਾਵੇਗਾ । ਇਸ ਕਾਰਜ ਲਈ ਪੰਜਾਬ ਜੰਗਲਾਤ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ । ਵਿਭਾਗ ਦੀ ਦੇਖਰੇਖ ਹੇਠ ਇਹ ਪ੍ਰਾਜੈਕਟ ਮੁਕੰਮਲ ਕੀਤਾ ਜਾਵੇਗਾ ।
ਅੱਜ ਦਿੱਲੀ ਵਿੱਚ ਹੋਏ ਗਲੋਬਲ ਵਾਈਲਡ ਲਾਈਫ ਫੇਅਰ (Global Wild life Fair) ਵਿੱਚ ਕਈ ਵਾਤਾਵਰਨ ਅਤੇ ਪੰਛੀਆਂ ਦੇ ਮੁੜ ਸੁਰਜੀਤ ਕਰਨ ਵਾਲੇ ਸਰਗਰਮ ਲੋਕਾਂ, ਅਧਿਕਾਰੀਆਂ ਅਤੇ ਜੱਥੇਬੰਦੀਆਂ ਦੇ ਇਕੱਠ ਵਿੱਚ ਇਸ ਮਿਸ਼ਨ ਦਾ ਆਗਾਜ਼ ਹੋਇਆ ਹੈ ।
ਇਸ ਵਿੱਚ ਮਹਾਰਾਸ਼ਟਰ ਸਰਕਾਰ ਦੇ ਉੱਚ ਅਹੁਦੇ ਤੇ ਤਾਇਨਾਤ ਪ੍ਰਵੀਨ ਪਰਦੇਸੀ ਵੱਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਬਾਜ਼ ਨੂੰ ਮੁੜ ਸੁਰਜੀਤ ਕਰਨ ਦੇ ਕਾਰਜ ਦੀ ਹਰ ਪੱਖੋਂ ਸਹਿਯੋਗ ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜਾਨਵਰਾਂ, ਪੰਛੀਆਂ ਦੇ ਅਧਿਕਾਰੀ ਧਰਮਿੰਦਰ ਸ਼ਰਮਾ ਵੀ ਸ਼ਾਮਿਲ ਹੋਏ ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਪੰਛੀ ਉੱਤਰੀ ਗੋਸ਼ਾਕ ਬਾਜ਼ ਅਤੇ ਸ਼ਾਈਨ ਬਾਜ ਨੂੰ ਮੁੜ ਵਾਪਸ ਲਿਆਉਣ ਲਈ ਸਾਡਾ ਵਿਭਾਗ ਸਮਰਪਿਤ ਹੋਵੇਗਾ। ਇਹ ਪੁੰਨ ਵਾਲਾ ਕਾਰਜ ਸਾਡੇ ਲਈ ਸੁਭਾਗਾ ਅਵਸਰ ਹੈ।
