
ਮਿਸੀਸਾਗਾ, 3 ਸਤੰਬਰ 2025 – ਕੈਨੇਡਾ ਦੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਐਵ ਨੇ ਦੇਸ਼ ਦਾ ਅਸਥਾਈ ਵਿਦੇਸ਼ੀ ਮਜ਼ਦੂਰ (TFW) ਪ੍ਰੋਗਰਾਮ ਸਦਾ ਲਈ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਨੇ ਐਸੀ ਨੀਤੀਆਂ ਬਣਾਈਆਂ ਹਨ ਜਿਨ੍ਹਾਂ ਨੇ ਲੱਖਾਂ ਕੈਨੇਡੀਅਨ ਲੋਕਾਂ ਨੂੰ ਰੋਜ਼ਗਾਰ ਤੋਂ ਵਾਂਝਾ ਕਰ ਦਿੱਤਾ ਹੈ।
ਮਿਸੀਸਾਗਾ ਵਿੱਚ ਅੱਜ ਹੋਈ ਪ੍ਰੈਸ ਕਾਨਫਰੰਸ ਦੌਰਾਨ, ਮਿਸ਼ੇਲ ਰੈਂਪਲ ਗਾਰਨਰ, ਜੋ ਪਾਰਟੀ ਦੀ ਇਮੀਗ੍ਰੇਸ਼ਨ ਸ਼ੈਡੋ ਮੰਤਰੀ ਹੈ, ਦੇ ਨਾਲ ਖੜ੍ਹੇਂ ਪੌਲੀਐਵ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਤੁਰੰਤ ਸਾਰੇ ਨਵੇਂ TFW ਪਰਮਿਟ ਜਾਰੀ ਕਰਨ ਬੰਦ ਕਰੇਗੀ ਅਤੇ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਮਾਪਤ ਕਰੇਗੀ। ਸਿਰਫ਼ ਖੇਤੀਬਾੜੀ ਲਈ ਲੋੜੀਂਦੇ ਮਜ਼ਦੂਰਾਂ ਲਈ ਇੱਕ ਵੱਖਰਾ ਪ੍ਰੋਗਰਾਮ ਬਣਾਇਆ ਜਾਵੇਗਾ।
ਪੀਅਰ ਪੌਲੀਐਵ ਨੇ ਕਿਹਾ,“ਪ੍ਰਧਾਨ ਮੰਤਰੀ ਕਾਰਨੀ ਆਪਣੇ ਹੀ ਉੱਚੇ ਇਮੀਗ੍ਰੇਸ਼ਨ ਟਾਰਗਟ ਪੂਰੇ ਕਰਨ ‘ਚ ਅਸਫਲ ਰਹੇ ਹਨ ਅਤੇ ਹੁਣ ਉਹ ਇੱਕ ਸਾਲ ਵਿੱਚ ਸਭ ਤੋਂ ਵੱਧ TFW ਪਰਮਿਟ ਜਾਰੀ ਕਰਨ ਦੇ ਰਸਤੇ ‘ਤੇ ਹਨ,” ਉਨ੍ਹਾਂ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਨੌਜਵਾਨਾਂ ਅਤੇ ਕਾਮਿਆਂ ਦੀ ਰੱਖਿਆ ਲਈ ਪੱਕਾ ਕਦਮ ਚੁੱਕੀਏ।”
ਪੌਲੀਐਵ ਨੇ ਕਿਹਾ ਕਿ ਲਿਬਰਲ ਸਰਕਾਰ ਦੀਆਂ ਨੀਤੀਆਂ ਕਾਰਨ ਕੈਨੇਡੀਅਨ ਜਵਾਨਾਂ ਲਈ ਨੌਕਰੀਆਂ ਦੇ ਮੌਕੇ ਘੱਟ ਰਹਿ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਮਾਰਚ ਤੋਂ ਜੂਨ 2025 ਤੱਕ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਵਿੱਚ 7.4% ਦਾ ਵਾਧਾ ਹੋਇਆ ਹੈ, ਜਦਕਿ ਲਗਭਗ 4 ਲੱਖ ਕੈਨੇਡੀਅਨ ਦੋ ਸਾਲ ਤੋਂ ਵੱਧ ਸਮੇਂ ਤੋਂ ਬੇਰੁਜ਼ਗਾਰ ਹਨ – ਇਹ ਦਰ ਮਹਾਮਾਰੀ ਤੋਂ ਬਾਹਰ 1998 ਤੋਂ ਬਾਅਦ ਸਭ ਤੋਂ ਵੱਧ ਹੈ। ਨੌਜਵਾਨਾਂ ਦੀ ਰੋਜ਼ਗਾਰੀ ਦਰ ਵੀ ਪਿਛਲੇ 25 ਸਾਲਾਂ ਵਿੱਚ ਸਭ ਤੋਂ ਘੱਟ ਹੈ (COVID-19 ਸਮੇਂ ਤੋਂ ਇਲਾਵਾ)।
ਰੈਂਪਲ ਗਾਰਨਰ ਨੇ ਕਿਹਾ ਕਿ ਲਿਬਰਲ ਸਰਕਾਰ ਨੇ ਨੌਜਵਾਨਾਂ ਅਤੇ ਰੁਜ਼ਗਾਰਦਾਤਾਵਾਂ ਵਿਚਾਲੇ “ਪੁਰਾਣਾ ਸਮਝੌਤਾ” ਤੋੜ ਦਿੱਤਾ ਹੈ।
“ਕਦੇ ਨੌਜਵਾਨ ਕੈਨੇਡੀਅਨ ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਤਜਰਬਾ ਹਾਸਲ ਕਰਦੇ ਸਨ, ਪੜ੍ਹਾਈ ਲਈ ਪੈਸੇ ਜੋੜਦੇ ਸਨ ਅਤੇ ਭਵਿੱਖ ਬਣਾਉਂਦੇ ਸਨ,” “ਪਰ ਹੁਣ ਲਿਬਰਲ ਸਰਕਾਰ ਦੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ ਆਸਮਾਨ ਛੂਹ ਰਹੀ ਹੈ, ਅਤੇ ਗ੍ਰੈਜੂਏਟ ਹੋਣ ਤੋਂ ਬਾਅਦ ਵੀ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ।”
ਪੋਲੀਐਵ ਨੇ ਖਾਸ ਤੌਰ ‘ਤੇ ਟਿਮ ਹੋਰਟਨਜ਼ ਦਾ ਜ਼ਿਕਰ ਕੀਤਾ, ਜਿਸਨੇ ਪਿਛਲੇ ਚਾਰ ਸਾਲਾਂ ਵਿੱਚ ਆਪਣੇ TFW ਕਰਮਚਾਰੀਆਂ ਦੀ ਗਿਣਤੀ ਵਿੱਚ 1,131% ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ “ਸਾਡਾ ਇਮੀਗ੍ਰੇਸ਼ਨ ਸਿਸਟਮ ਕਿਸੇ ਵਿਦੇਸ਼ੀ ਕੰਪਨੀ ਦੇ ਮੁਨਾਫੇ ਵਧਾਉਣ ਲਈ ਨਹੀਂ ਬਣਾਇਆ ਗਿਆ।”
ਕੰਜ਼ਰਵੇਟਿਵ ਪਾਰਟੀ ਦੀ ਯੋਜਨਾ ਵਿੱਚ ਸ਼ਾਮਲ ਹੈ:
- ਨਵੇਂ TFW ਪਰਮਿਟ ਤੁਰੰਤ ਰੋਕਣਾ।
- ਘੱਟ ਬੇਰੁਜ਼ਗਾਰੀ ਵਾਲੇ ਖੇਤਰਾਂ ਵਿੱਚ 5 ਸਾਲਾਂ ਦੇ ਅੰਦਰ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ ਕਰਨਾ।
- ਸਿਰਫ਼ ਖੇਤੀਬਾੜੀ ਲਈ ਲੋੜੀਂਦੇ ਮਜ਼ਦੂਰਾਂ ਲਈ ਵੱਖਰਾ ਪ੍ਰੋਗਰਾਮ ਬਣਾਉਣਾ।
ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਕੈਨੇਡਾ ਦੀ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ। CIBC ਦੀ ਰਿਪੋਰਟ ਮੁਤਾਬਕ, ਬੇਰੁਜ਼ਗਾਰੀ ਦੀ ਦਰ “ਉਹਨਾਂ ਪੱਧਰਾਂ ‘ਤੇ ਪਹੁੰਚ ਗਈ ਹੈ ਜੋ ਆਮ ਤੌਰ ‘ਤੇ ਮੰਦੀ ਦੇ ਦੌਰ ਵਿੱਚ ਹੀ ਵੇਖੀ ਜਾਂਦੀ ਹੈ।” ਜੁਲਾਈ ਵਿੱਚ, ਓਨਟਾਰੀਓ ਵਿੱਚ 7 ਲੱਖ 500 ਲੋਕ ਬੇਰੁਜ਼ਗਾਰ ਸਨ, ਜੋ 2009 ਦੀ ਮਹਾਂਮੰਦੀ ਤੋਂ ਵੀ ਵੱਧ ਹੈ।
ਪੌਲੀਐਵ ਨੇ ਕਿਹਾ ਕਿ ਘਟਦਾ ਰੋਜ਼ਗਾਰ ਬਾਜ਼ਾਰ, ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਵਧਦਾ ਪ੍ਰਭਾਵ, ਮਕਾਨਾਂ ਦੀ ਘਾਟ ਅਤੇ ਨੀਵੀਂ ਉਤਪਾਦਕਤਾ ਨੇ ਕੈਨੇਡੀਅਨ ਨੌਜਵਾਨਾਂ ਨੂੰ “ ਫਸਾ ” ਦਿੱਤਾ ਹੈ।
ਉਨ੍ਹਾਂ ਕਿਹਾ “ਉਹ ਘਰ ਨਹੀਂ ਖਰੀਦ ਸਕਦੇ, ਪਰਿਵਾਰ ਨਹੀਂ ਬਣਾ ਸਕਦੇ ਕਿਉਂਕਿ ਉਨ੍ਹਾਂ ਕੋਲ ਵਧੀਆ ਨੌਕਰੀਆਂ ਨਹੀਂ ਹਨ – ਅਤੇ ਉਹ ਨੌਕਰੀਆਂ ਉਨ੍ਹਾਂ ਨੂੰ ਮਿਲ ਨਹੀਂ ਰਹੀਆਂ ਕਿਉਂਕਿ ਉਹ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਮੁਕਾਬਲੇ ਵਿੱਚ ਹਾਰ ਰਹੇ ਹਨ।”
