ਸਰੀ, ( ਸੰਦੀਪ ਸਿੰਘ ਧੰਜੂ)- ਚੜਦੀਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੇ ਸਮਾਜ ਭਲਾਈ ਕੰਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸਰੀ ਵਿੱਚ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 20 ਦਾਨੀ ਸੱਜਣਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਰੀ ਦੇ ਸਾਬਕਾ ਮੇਅਰ ਡਗ ਮਕੱਲਮ ਵੱਲੋਂ ਕੀਤਾ ਗਿਆ ਜਿਨਾਂ ਨੇ ਜਿਥੇ ਸਮਾਜ ਅਤੇ ਮਨੁੱਖੀ ਜੀਵਨ ਲਈ ਖੂਨਦਾਨ ਦੀ ਅਹਿਮੀਅਤ ਦਾ ਜਿਕਰ ਕੀਤਾ ਉਥੇ ਚੜਦੀਕਲਾ ਐਸੋਸੀਏਸ਼ਨ ਵੱਲੋਂ ਕੀਤੇ ਇਸ ਉਪਰਾਲੇ ਲਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅਜਿਹੇ ਕਾਰਜਾਂ ਲਈ ਉਹ ਵੀ ਹਰ ਤਰਾਂ ਦੀ ਮਦਦ ਲਈ ਤਿਆਰ ਹਨ ਤਾਂ ਕਿ ਇਹ ਐਸੋਸੀਏਸ਼ਨ ਹੋਰ ਵੀ ਵਧ ਚੜ ਕੇ ਕੰਮ ਕਰ ਸਕੇ। ਇਸ ਸਮੇਂ ਉਨਾਂ ਨਾਲ ਸੈਨੇਟਰ ਬਲਤੇਜ ਸਿੰਘ ਢਿਲੋਂ ਵੀ ਹਾਜ਼ਰ ਸਨ। ਇਸ ਸਮੇਂ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਤੋਂ ਇਲਾਵਾ ਐਸੋਸੀਏਸ਼ਨ ਦੇ ਬਾਕੀ ਮੈਂਬਰ ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਲੱਧੜ ਅਤੇ ਸੰਦੀਪ ਸਿੰਘ ਧੰਜੂ ਵੀ ਹਾਜ਼ਰ ਸਨ।
ਅੰਤ ਵਿੱਚ ਜਸਵਿੰਦਰ ਸਿੰਘ ਦਿਲਾਵਰੀ ਨੇ ਆਪਣੀ ਟੀਮ ਵੱਲੋਂ ਕੈਨੇਡੀਅਨ ਬਲੱਡ ਸਰਵਿਸਜ ਦਾ ਖੂਨਦਾਨ ਕੈਂਪ ਲਈ ਸਹਿਯੋਗ ਦੇਣ ਅਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਉਨਾਂ ਦੀ ਐਸੋਸੀਏਸ਼ਨ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਉਦਮ ਕਰਦੀ ਰਹੇਗੀ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਹੋਂਦ ਵਿੱਚ ਆਈ ਇਸ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਦੇ ਕਈ ਕੰਮ ਕੀਤੇ ਜਾ ਚੁੱਕੇ ਹਨ ਜਿਨਾਂ ਵਿਚ ਸਮਾਜ ਨੂੰ ਵਡਮੁੱਲੀ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨਾ, ਸ਼ਹਿਰ ਦੇ ਪਾਰਕਾਂ ਵਿੱਚ ਸਫਾਈ ਮੁਹਿੰਮ ਸ਼ੁਰੂ ਕਰਨਾ ਅਤੇ ਹਸਪਤਾਲਾਂ ਵਿੱਚ ਦਾਖਲ ਬੱਚਿਆਂ ਨੂੰ ਖਿਡੌਣੇ ਵੰਡਣ ਦੇ ਵਡਮੁੱਲੇ ਕਾਰਜ ਸ਼ਾਮਿਲ ਹਨ
Comments