ਸਰੀ : 19 ਅਪ੍ਰੈਲ ਸ਼ਨਿਚਰਵਾਰ ਨੂੰ ਕੈਨੇਡਾ ਦੀ ਧਰਤੀ ‘ਤੇ ‘ਸਿੱਖ ਵਿਰਾਸਤ’ ਮਹੀਨੇ ਦੌਰਾਨ ਖਾਲਸਾ ਦਿਹਾੜੇ ਨੂੰ ਸਮਰਪਿਤ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਸਰੀ ਵਲੋਂ ਸਜਾਏ ਮਹਾਨ ਨਗਰ ਕੀਰਤਨ ਵਿੱਚ ਦੇਸ਼ ਵਿਦੇਸ਼ ਤੋਂ, ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਸਰੀ ਸ਼ਹਿਰ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ। ਕੈਨੇਡਾ ਦੇ ਮੂਲ ਨਿਵਾਸੀਆਂ ਦੀ ਰਵਾਇਤੀ ਅਰਦਾਸ ਨਾਲ ਆਰੰਭ ਹੋਏ ਨਗਰ ਕੀਰਤਨ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤੇ ਹੋਏ ਸਨ, ਜਿਨ੍ਹਾਂ ਦੇ ਅੱਗੇ ਗੱਤਕੇ ਦੇ ਤਿਆਰ-ਬਰ-ਤਿਆਰ ਸਿੱਖ ਬੱਚੇ-ਬੱਚੀਆਂ ਸਲਾਮੀ ਦੇ ਰਹੇ ਹਨ।
ਸਿੱਖੀ ਮਰਿਆਦਾ ਅਨੁਸਾਰ ਪ੍ਰਭਾਵਸ਼ਾਲੀ ਤੇ ਮਨਮੋਹਕ ਢੰਗ ਨਾਲ ਸਜਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਵਾਹਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਗੁਰੂ ਨਾਨਕ ਸਾਹਿਬ ਦੇ ਆਰੰਭ ਕੀਤੇ ਸਿੱਖੀ ਸਿਧਾਂਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਕੀਤੇ ਖਾਲਸੇ, ਗੁਰਬਾਣੀ ਦੀ ਪ੍ਰੇਰਨਾ ਤੇ ਇਤਿਹਾਸ ਨੂੰ ਵਰਤਮਾਨ ਵਿੱਚ ਅਪਨਾਉਂਦਿਆਂ, ਸੰਗਤਾਂ ਨੇ ਬਾਣੀ ਅਤੇ ਸਿਧਾਂਤਕ ਗਿਆਨ ਦਾ ਭਰਪੂਰ ਆਨੰਦ ਮਾਣਿਆ।
ਇਸ ਵਾਰ ਨਗਰ ਕੀਰਤਨ ਵਿੱਚ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਕੇਂਦਰ ਬਿੰਦੂ ਰਹੀਆਂ। ਸਰੀ, ਵੈਨਕੂਵਰ ਨਿਊਵੈਸਟ ਮਨਿਸਟਰ ਅਤੇ ਐਬਟਸਫੋਰਡ ਦੇ ਵੱਖ-ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸਨ ਅਤੇ ਖਾਲਸਾ ਰਾਜ ਦੀ ਕਾਮਨਾ ਕਰ ਰਹੇ ਸਨ। ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ, ਜਿੱਥੋਂ ਗੁਰਬਾਣੀ ਦਾ ਕੀਰਤਨ ਪ੍ਰਸਾਰਤ ਹੋ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ।
ਖਾਲਸਾ ਦਿਹਾੜੇ ‘ਤੇ ਸਰੀ ਦੇ ਵਿਸ਼ਾਲ ਨਗਰ ਕੀਰਤਨ ਵਿੱਚ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਵਿੱਚ ਸਿੱਖਾਂ ਦੇ ਹੱਕਾਂ ਲਈ ਡਟਣ ਅਤੇ ਕੈਨੇਡੀਅਨ ਨਾਗਰਿਕ ਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਸਟੇਟ ਦੁਆਰਾ ਕੀਤੇ ਕਤਲ ਬਾਰੇ ਪਾਰਲੀਮੈਂਟ ਵਿੱਚ ਸੱਚਾਈ ਜਨਤਕ ਕਰਨ ਲਈ, ਇਸ ਵਰੇ ਦਾ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜੋ ਕਿ ਜਸਟਿਨ ਟਰੂਡੋ ਦੀ ਗੈਰ-ਮੌਜੂਦਗੀ ‘ਚ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁਖ ਧਾਲੀਵਾਲ ਨੇ ਲਿਆ ਅਤੇ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਸੇਵਾਦਾਰਾਂ ਅਤੇ ਸਰੀ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਸਟਿਨ ਟਰੂਡੋ ਦੀ ਸਿੱਖ ਕੌਮ ਸਦਾ ਰਿਣੀ ਹੈ ਅਤੇ ਨਵਾਬ ਮਲੇਰਕੋਟਲਾ ਵਾਂਗ, ਜੋ ਵੀ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਾ ਹੈ, ਸਿੱਖ ਉਸ ਨੂੰ ਕਦੇ ਨਹੀਂ ਭੁਲਾਉਂਦੇ!
28 ਅਪ੍ਰੈਲ ਨੂੰ ਕੈਨੇਡਾ ਵਿੱਚ ਹੋਰ ਰਹੀਆਂ ਫੈਡਰਲ ਚੋਣਾਂ ਦੇ ਮੱਦੇ ਨਜ਼ਰ ਇਸ ਨਗਰ ਕੀਰਤਨ ਵਿੱਚ ਫੈਡਰਲ ਆਗੂਆਂ ’ਚੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਟੋਰੀ ਆਗੂ ਪੀਅਰ ਪੌਲੀਏਵ ਆਤੇ ਨਿਊ ਡੈਮੋਕਰੇਟ ਪਾਰਟੀ ਆਗੂ ਜਗਮੀਤ ਸਿੰਘ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਇਹਨਾਂ ਲੀਡਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪ੍ਰਗਟ ਦਿਹਾੜੇ ਦੇ ਸਬੰਧ ਵਿੱਚ ਸਿੱਖਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕੈਨੇਡਾ ਦੇ ਵਿਕਾਸ ਵਿੱਚ ਸਿੱਖਾਂ ਦੇ ਪਾਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਮਾਰਕ ਕਾਰਨੀ ਨੇ ਇਸ ਮੌਕੇ ਤੇ ਆਪਣੇ ਪ੍ਰਤੀਨਿਧਾਂ ਰਾਹੀਂ ਸਿੱਖ ਭਾਈਚਾਰੇ ਨੂੰ ਵਧਾਈ ਸੰਦੇਸ਼ ਭੇਜਿਆ।
ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਵਲੋਂ ਪਾਏ ਯੋਗਦਾਨ ਦੀ ਗੱਲ ਕਰਦਿਆਂ, ਉਨ੍ਹਾਂ ਨੂੰ ਭਾਈਚਾਰਕ ਏਕਤਾ ਦੇ ਹਾਮੀ ਦੱਸਿਆ। ਕੀਰਤਨ ਦੌਰਾਨ ਸਰੀ ਦੀ ਮੇਅਰ ਬਰਿੰਡਾ ਲੌਕ ਨੇ ਵੀ ਸੰਬੋਧਨ ਕੀਤਾ। ਵਿਲੱਖਣ ਗੱਲ ਇਹ ਸੀ ਕਿ ਨਗਰ ਕੀਰਤਨ ਵਿੱਚ ਸਿੱਖਾਂ ਤੋਂ ਇਲਾਵਾ ਹਿੰਦੂ, ਇਸਾਈ, ਮੂਲ ਨਿਵਾਸੀ, ਮੁਸਲਿਮ, ਯਹੂਦੀ, ਖੱਬੇ ਪੱਖੀ, ਤਰਕਸ਼ੀਲ ਅਤੇ ਹੋਰਨਾਂ ਕੌਮਾਂ ਦੇ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਵੀ ਉਤਸ਼ਾਹ ਨਾਲ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਵਿਦਿਅਕ ਖੇਤਰ ਦੀਆਂ ਸ਼ਖਸੀਅਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਨਗਰ ਕੀਰਤਨ ਦੌਰਾਨ ਸਿੱਖ ਮੋਟਰਸਾਈਕਲ ਕਲੱਬਾਂ ਦੇ ਮੈਂਬਰਾਂ ਨੇ ਜਿਥੇ ਕੈਨੇਡਾ ਵਿਚ ਸਿੱਖੀ ਦੀ ਸ਼ਾਨ ਦਾ ਪ੍ਰਦਰਸ਼ਨ ਕੀਤਾ, ਉਥੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਬੱਚਿਆਂ ਤੇ ਗੈਰ ਸਿੱਖਾਂ ਦੇ ਸਿਰਾਂ ਦੇ ਕੇਸਰੀ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ। ਖਾਲਸਾ ਪੰਥ ਦੀ ਸ਼ਾਨ ਸਰੀ ਨਗਰ ਕੀਰਤਨ ਜਿੱਥੇ ਖਾਲਸਾ ਦਿਹਾੜੇ, ਗੁਰੂ ਸਾਹਿਬਾਨ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਝਾਕੀਆਂ ਪੇਸ਼ ਕਰ ਰਿਹਾ ਸੀ, ਉੱਥੇ ਖਾਲਿਸਤਾਨ ਦੀ ਮੰਗ ਕਰਦੇ ਪੰਜਾਬ ਰੈਫਰੈਂਡਮ ਦੀ ਜ਼ੋਰਦਾਰ ਆਵਾਜ਼ ਤੋਂ ਇਲਾਵਾ, ਖਾਲਸਾ ਏਡ ਸੰਸਥਾ ਦੇ ਸਟਾਲ, ਸਿੱਖ ਕੌਮ ਦੇ ਮਹਾਨ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਤੋਂ ਇਲਾਵਾ ਕਈ ਹੋਰ ਮਾਨਵ ਸੇਵੀ ਸੰਸਥਾਵਾਂ ਸਮੇਤ, ਵੱਖ-ਵੱਖ ਫਲੋਟ ਅਤੇ ਸਟਾਲ ਵੀ ਉਤਸ਼ਾਹ ਦਾ ਕੇਂਦਰ ਸਨ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀਸੀ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ ਵੱਲੋਂ ਇਸ ਮੌਕੇ ਤੇ ਤਖਤੀਆਂ ਲੈ ਕੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਅਤੇ ‘ਅਸੀਂ ਦੱਖਣੀ ਏਸ਼ੀਆਈ ਨਹੀਂ’ ਪ੍ਰਤੀ ਫੈਲਾਈ ਗਈ ਜਾਗਰੂਕਤਾ ਮੁਹਿੰਮ, ਖਿੱਚ ਦਾ ਕੇਂਦਰ ਬਣੀ।
ਨਗਰ ਕੀਰਤਨ ਵਿੱਚ ‘ਸ਼ਬਦ ਲੰਗਰ’ ਦੇ ਰੂਪ ਵਿੱਚ ਕੈਨੇਡੀਅਨ ਸਿੱਖ ਸਟਡੀਜ਼ ਅਤੇ ਟੀਚਿੰਗ ਸੁਸਾਈਟੀ, ਵਿਵੇਕ ਗੜ ਪ੍ਰਕਾਸ਼ਨ ਅਤੇ ਪੰਜਾਬ ਗਾਰਡੀਅਨ ਅਖਬਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਕਿਤਾਬਾਂ ਦੇ ਲੰਗਰ ਸਮੇਤ ਹੋਰਨਾ ਸੰਸਥਾਵਾਂ ਵੱਲੋਂ ਪੁਸਤਕਾਂ ਦੇ ਸਟਾਲ ਖਿੱਚ ਦਾ ਕੇਂਦਰ ਬਣੇ ਰਹੇ। ਸਾਰੇ ਰਸਤੇ ਸ਼ਰਧਾਲੂਆਂ ਵੱਲੋਂ ਸਵਾਦੀ ਪਕਵਾਨਾਂ, ਫ਼ਲਾਂ ਤੇ ਤਾਜ਼ੇ ਰਸ ਦੇ ਲੰਗਰ ਲਾਏ ਗਏ ਸਨ। ਨਗਰ ਕੀਰਤਨ ਵਿੱਚ ਦਰਬਾਰ ਸਾਹਿਬ ਦੇ ਜੱਥਿਆਂ, ਕਥਾ ਵਾਚਕਾਂ, ਵਿਦਵਾਨਾਂ ਕਵੀਸ਼ਰਾ ਅਤੇ ਢਾਡੀਆਂ ਨੇ ਹਾਜ਼ਰੀ ਲਵਾਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀਆਂ ਨੇ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ।
ਬੀ ਸੀ ਗੁਰਦੁਆਰਾ ਸਿੱਖ ਕੌਂਸਲ ਦੇ ਕੋਆਰਡੀਨੇਟਰ ਭਾਈ ਮਨਿੰਦਰ ਸਿੰਘ ਨੇ ਭਾਵਪੂਰਤ ਸ਼ਬਦਾਂ ਵਿੱਚ ਸਿੱਖ ਸਿਧਾਂਤਾਂ ਅਤੇ ਸਿੱਖ ਰਾਜ ਖਾਲਿਸਤਾਨ ਦੇ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਸਿਖਸ ਫਾਰ ਜਸਟਿਸ ਦੇ ਬੁਲਾਰਿਆਂ ਤੇ ਖਾਲਿਸਤਾਨ ਰੈਫਰੈਂਡਮ ਦੇ ਪ੍ਰਤੀਨਿਧਾਂ ਨੇ ਵਾਰੋ-ਵਾਰੀ ਸੰਬੋਧਨ ਕੀਤਾ ਅਤੇ ਸਿੱਖ ਆਗੂ ਤੇ ਪੰਥਕ ਕਮੇਟੀ ਦੇ ਮੈਂਬਰ ਜਥੇਦਾਰ ਸਤਿੰਦਰਪਾਲ ਸਿੰਘ ਦਿਲ ਨੇ ਖਾਲਿਸਤਾਨ ਦੇ ਨਿਸ਼ਾਨੇ ਬਾਰੇ ਸਿਧਾਂਤਕ ਵਿਚਾਰਾਂ ਕੀਤੀਆਂ।
ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਆਏ ਸਾਬਕਾ ਐਮਪੀ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ, ਅਮਰੀਕਾ ਤੋਂ ਪਹੁੰਚੇ ਵਿਦਵਾਨ ਭਜਨ ਸਿੰਘ ਭਿੰਡਰ ਅਤੇ ਇਹ ਹੋਰ ਬੁਲਾਰਿਆਂ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਦੀ ਤਰਜਮਾਨੀ ਕਰਦੀ ਕਿਤਾਬ ਰੀਡਿਉਸ਼ ਟੂ ਐਸ਼ਜ (ਸੁਆਹ ਹੋ ਚੁੱਕੇ ਲੋਕ) ਦੇ ਸਹਿ-ਸੰਪਾਦਕ ਲਿਖਾਰੀ ਭਾਈ ਅਮਰੀਕ ਸਿੰਘ ਮੁਕਤਸਰ ਵੀ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ।
ਸਟੇਜ ਦਾ ਸੰਚਾਲਨ ਭਾਈ ਜਸਵੀਰ ਸਿੰਘ ਕਿ ਭਾਈ ਬਲਜਿੰਦਰ ਸਿੰਘ ਖਹਿਰਾ ਵੱਲੋਂ ਕੀਤਾ ਗਿਆ। ਇਹ ਨਗਰ ਕੀਰਤਨ ਸ਼ਾਮ ਪੰਜ ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ।
ਪੁਲੀਸ, ਸਿਹਤ ਵਿਭਾਗ, ਮਿਉਂਸਿਪੈਲਿਟੀ ਤੇ ਹੋਰ ਵਿਭਾਗਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ ਅਤੇ 3500 ਦੇ ਕਰੀਬ ਵਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ। 326ਵੇਂ ਖਾਲਸਾ ਦਿਹਾੜੇ ਨੂੰ ਸਮਰਪਤ ਅਤੇ ਦਸਮੇਸ਼ ਦਰਬਾਰ ਗੁਰਦੁਆਰੇ ਵੱਲੋਂ 26ਵੇਂ ਵਰੇ ‘ਤੇ ਉਲੀਕਿਆ ਮਹਾਨ ਨਗਰ ਕੀਰਤਨ ਅਮਿਟ ਪ੍ਰਭਾਵ ਛੱਡਦਾ ਹੋਇਆ, ਸਿੱਖ ਕੌਮ ਦੇ ਜਾਹੋ-ਜਲਾਲ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਵਿੱਚ ਸਫਲ ਰਿਹਾ।
Comments