
ਸਰੀ – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਭਲਕੇ 19 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਸਜਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਸੇਵਾਦਾਰ ਗਿਆਨ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਦੇ ਨਗਰ ਕੀਰਤਨ ਵਿਚ ਲਾਮਿਸਾਲ ਇੱਕਠ ਹੋਵੇਗਾ । ਉਹਨਾਂ ਕਿਹਾ ਕਿ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦਿਆਂ ਇਸ ਵਾਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦੂਰੋਂ ਆਉਣ ਵਾਲੀਆਂ ਸੰਗਤਾਂ ਆਪਣੀਆਂ ਗੱਡੀਆਂ ਗੁਰੂ ਅੰਗਦ ਦੇਵ ਸਕੂਲ, ਤਾਜ ਪਾਰਕ ਕਨਵੈਨਸ਼ਨ ਸੈਂਟਰ,ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਾਰਕ ਕਰ ਸਕਦੀਆਂ ਹਨ। ਸੰਗਤਾਂ ਨੂੰ ਬੀ. ਸੀ. ਫੈਰੀ ਦੇ ਟਰਮੀਨਲ ਤੋਂ ਲਿਆਉਣ ਲਈ ਵਿਸ਼ੇਸ਼ ਬੱਸਾਂ ਭੇਜੀਆਂ ਜਾਣਗੀਆਂ। ਗੁਰਦੁਆਰਾ ਪ੍ਰਬੰਧਕਾਂ ਦੀ ਸਥਾਨਕ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਨਾਲ ਮੀਟਿੰਗ ਹੋ ਚੁੱਕੀ ਹੈ। ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ । ਸਾਰਾ ਦਿਨ ਗੁਰੂ ਕਾ ਲੰਗਰ ਅਤੁਟ ਵਰਤੇਗਾ।ਇਸ ਮੌਕੇ ਸੰਗਤਾਂ ਲਈ ਖਾਣ ਪੀਣ ਦੀਆਂ ਵਸਤਾਂ ਦੇ ਫੂਡ ਸਟਾਲ ਲਗਾਉਣ ਵਾਲੇ ਲੋਕਾਂ ਨੂੰ ਫ਼ਰੇਜ਼ਰ ਹੈਲਥ ਕੋਲੋ ਪਰਮਿਟ ਲੈਣ ਦੀ ਲੋੜ ਹੋਵੇਗੀ । ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਅਨੁਸ਼ਾਸ਼ਨ ਬਣਾਈ ਰੱਖਣ ਅਤੇ ਸਫਾਈ ਦਾ ਖਾਸ ਖਿਆਲ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਬੀਬੀਆਂ ਨੂੰ ਸਲਾਹ ਦਿੱਤੀ ਕਿ ਸਟਰੋਲਰ ਵਿੱਚ ਪਾਏ ਬੱਚਿਆਂ ਨੂੰ ਭੀੜ ਤੋਂ ਦੂਰ ਰੱਖਿਆ ਜਾਵੇ । ਨਗਰ ਕੀਰਤਨ ਦੌਰਾਨ ਡਰੋਨ ਉਡਾਉਣ,ਹਾਈਡ੍ਰੋਜਨ ਗੈਸ ਵਾਲੇ ਗੁਬਾਰੇ ਛੱਡਣ, ਗਲਾਂ ਵਿਚ ਤਖਤੀਆਂ ਲਮਕਾ ਕੇ ਦਾਨ ਮੰਗਣ ਅਤੇ ਸਟੇਜਾਂ ਤੋਂ ਨਾਚ-ਗਾਣਿਆਂ ਦੀ ਮਨਾਹੀ ਹੋਵੇਗੀ । ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ 128 ਸਟ੍ਰੀਟ ਅਤੇ 76 ਐਵਨਿਊ ਦੇ ਚੁਰੱਸਤੇ ਵਿਚ ਲਗਾਈ ਜਾਵੇਗੀ।ਕੈਨੇਡਾ ਵਿੱਚ ਇਸ ਵਾਰ ਫੈਡਰਲ ਚੋਣਾਂ ਹੋ ਰਹੀਆਂ ਹਨ, ਮੁੱਖ ਸਟੇਜ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣਾ ਸੁਨੇਹਾ ਦੇ ਸਕਣਗੇ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਮਿਊਨਟੀ ਦੇ ਮਸਲੇ ਹੱਲ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਦਾ ਨਗਰ ਕੀਰਤਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਸਮਰਪਿਤ ਹੋਵੇਗਾ । ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਵਿਚ ਵੱਖ- ਵੱਖ ਫਲੋਟ ਸਜਾਏ ਜਾਣਗੇ। ਕਾਫਲੇ ਵਿੱਚ ਸ਼ਾਮਲ ਹੋਣ ਵਾਲੀਆਂ ਗੱਡੀਆਂ ਦੀ ਈਵੈਂਟ ਇੰਸ਼ੌਰੈਂਸ ਕਰਾਉਣ ਦੀ ਸਲਾਹ ਦਿੱਤੀ ਗਈ ਹੈ । ਇਸ ਨਗਰ ਕੀਰਤਨ ਵਿੱਚ ਮੋਟਰਸਾਇਕਲ ਕਲੱਬ, ਸਕੂਲੀ ਬੱਚੇ ਅਤੇ ਗਤਕੇ ਦੇ ਜੌਹਰ ਦਿਖਾਉਣ ਵਾਲੇ ਵੀ ਸ਼ਾਮਿਲ ਹੋਣਗੇ। ਭਾਰੀ ਇਕੱਠ ਨੂੰ ਦੇਖਦਿਆਂ ਨੇੜਲੇ ਸ਼ਹਿਰਾਂ ਦੀਆਂ ਐਬੂਲੈਂਸ ਟੀਮਾਂ ਵੀ ਤਿਆਰ ਬਰ ਤਿਆਰ ਰਹਿਣਗੀਆਂ।
