
ਸ੍ਰੀ ਮੁਕਤਸਰ ਸਾਹਿਬ- ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਆਗੂ ਸੁਖਬੀਰ ਬਾਦਲ ਨੇ ਅੱਜ ਸ਼੍ਰੀ ਮੁਕਤਸਰ ਸਾਹਿਬ ਤੋਂ ਅਜਨਾਲਾ ( ਸ੍ਰੀ ਅੰਮ੍ਰਿਤਸਰ ਸਾਹਿਬ ) ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੰਡਣ ਲਈ ਮੱਕੀ ਦੇ ਅਚਾਰ ਦੇ 100 ਟਰੱਕ ਰਵਾਨਾ ਕੀਤੇ। ਟਰੱਕਾਂ ਦਾ ਕਾਫ਼ਲਾ ਰਵਾਨਾ ਕਰਨ ਮੌਕੇ ਮੁਕਤਸਰ ਵਿਖੇ ਪਹੁੰਚੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਅਕਾਲੀ ਦਲ ਵੱਲੋਂ ਹੁਣ ਤੱਕ 400 ਟਰੱਕ ਭੇਜੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 100 ਟਰੱਕ ਹੋਰ ਭੇਜੇ ਜਾਣਗੇ।
ਇਸ ਤੋਂ ਇਲਾਵਾ,ਅਕਾਲੀ ਦਲ ਨੇ ਕਿਸਾਨਾਂ ਨੂੰ ਇੱਕ ਲੱਖ ਏਕੜ ਜ਼ਮੀਨ ਦੇ ਪ੍ਰਮਾਣਿਤ ਬੀਜ ਅਤੇ 50,000 ਗਰੀਬ ਪਰਿਵਾਰਾਂ ਨੂੰ ਕਣਕ ਵੰਡਣ ਦਾ ਫੈਸਲਾ ਕੀਤਾ ਹੈ। ਇਸ ਹਫ਼ਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ 500 ਫੌਗਿੰਗ ਮਸ਼ੀਨਾਂ ਵੀ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਕ ਲੱਖ ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕਰਨ ਲਈ ਅਕਾਲੀ ਦਲ ਦੇ ਸਮਰਥਕ ਟਰੈਕਟਰਾਂ ਸਮੇਤ ਸੇਵਾ ਲਈ ਜਾਣਗੇ ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਜਥੇਬੰਦੀ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਇਸ ਰਾਹਤ ਸੇਵਾ ਦੇ ਪ੍ਰਬੰਧ ਨੂੰ ਆਪਣੀ ਦੇਖ ਰੇਖ ਹੇਠ ਨੇਪਰੇ ਚੜ੍ਹਿਆ ।
ਇਸ ਮੌਕੇ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਸੈਂਕੜੇ ਪਾਰਟੀ ਸਮਰਥਕ ਪਹੁੰਚੇ ਹੋਏ ਸਨ ।
