
ਨਾਭਾ- ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਅੱਜ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਤਿੰਨ ਮਹੀਨੇ ਦੀ ਧੱਕੇਸ਼ਾਹੀ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਜੋ ਨਾਭਾ ਜੇਲ੍ਹ ‘ਚ ਨਜ਼ਰਬੰਦ ਹਨ, ਨਾਲ ਮੁਲਾਕਾਤ ਸੰਭਵ ਹੋਈ। ਉਨ੍ਹਾਂ ਕਿਹਾ, “ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਆਪ ਸਰਕਾਰ ਵੱਲੋਂ ਦਰਜ਼ ਕੀਤੇ ਝੂਠੇ ਪਰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਹੌਸਲਾ ਨਹੀਂ ਤੋੜ ਸਕਦੇ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਰਕਾਰਾਂ ਦੀ ਧੱਕੇਸ਼ਾਹੀ ਖ਼ਿਲਾਫ਼ ਡਟਿਆ ਹੈ ਤੇ ਡਟਿਆ ਰਹੇਗਾ। ਆਪ ਸਰਕਾਰ ਅਤੇ ਇਸਦੇ ਚਹੇਤੇ ਅਫ਼ਸਰ ਇਹ ਗੱਲ ਜਰੂਰ ਸਮਝ ਲੈਣ ਕਿ ਇਨ੍ਹਾਂ ਦਾ ਸਮਾਂ ਹੁਣ ਬਹੁਤ ਨੇੜੇ ਹੈ ਤੇ ਇਨ੍ਹਾਂ ਵੱਲੋਂ ਕੀਤੀ ਹਰ ਧੱਕੇਸ਼ਾਹੀ ਦਾ ਜਵਾਬ ਇਨ੍ਹਾਂ ਨੂੰ ਦੇਣਾ ਪਵੇਗਾ।”
ਸੁਖਬੀਰ ਬਾਦਲ ਨੇ ਪਟਿਆਲਾ ਦੇ ਸੀਨੀਅਰ ਪੁਲਸ ਕਪਤਾਨ ਨੂੰ ਤਾੜਨਾ ਕੀਤੀ ਕਿ ਉਹ ਸਰਕਾਰ ਦੀ ਸ਼ਹਿ ‘ਤੇ ਵਧੀਕੀਆਂ ਕਰਨੀਆਂ ਬੰਦ ਕਰਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਦਿਨ ਥੋੜ੍ਹੇ ਰਹਿ ਗਏ ਹਨ, ਆਪਣੀਆਂ ਕਰਤੂਤਾਂ ਕਾਰਨ ‘ਝਾੜੂ ਵਾਲਿਆਂ’ ਨੂੰ ਦੇਸ਼ ਛੱਡ ਕੇ ਬਾਹਰ ਭੱਜਣਾ ਪਏਗਾ !
