
ਕੈਨੇਡਾ ਦੇ ਪੱਛਮੀ ਤੱਟ ‘ਤੇ ਪੈਂਦੇ ਬੀ.ਸੀ. ਸੂਬੇ ਨੂੰ “ਬਿਊਟੀਫੁਲ ਬ੍ਰਿਟਿਸ਼ ਕੋਲੰਬੀਆਂ” ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇੱਥੇ ਉੱਚੀਆਂ ਬਰਫ਼ਾਨੀ ਪਹਾੜੀ ਚੋਟੀਆਂ, ਕਲ-ਕਲ ਵਗਦੀਆਂ ਨਦੀਆਂ, ਸਵੱਛ ਪਾਣੀ ਦੇ ਡਿੱਗਦੇ ਝਰਨੇ, ਪੰਛੀਆਂ ਦਾ ਮਨਮੋਹਕ ਸੰਗੀਤ ਤੁਹਾਡੀ ਰੂਹ ਨੂੰ ਸ਼ਰਸ਼ਾਰ ਕਰ ਦਿੰਦਾ ਹੈ । ਬੀ.ਸੀ. ਦੇ ਮੈਟਰੋ ਵੈਨਕੂਵਰ ਇਲਾਕੇ ਦੇ ਨਜ਼ਦੀਕ ਘੁੰਮਣ-ਫਿਰਨ ਵਾਲੀਆਂ ਦਰਜਨਾਂ ਥਾਂਵਾਂ ਹਨ । ਮੈਂ ਘੁੰਮਣ ਫਿਰਨ ਦਾ ਸ਼ੌਕੀਨ ਹਾਂ,ਅਤੇ ਨਵੀਆਂ ਰਾਹਾਂ ਦੀ ਤਲਾਸ਼ ਵਿੱਚ ਰਹਿੰਦਾ ਹਾਂ । ਹਾਲ ਹੀ ਵਿੱਚ ਅਸੀਂ ਪਰਿਵਾਰ ਸਮੇਤ ਨਵੇਂ ਖੁੱਲ੍ਹੇ ਸਕੁਆਮਿਸ਼ ਕੈਨਯਨ ਦੀ ਖੂਬਸੂਰਤੀ ਦੇਖਣ ਅਤੇ ਕੁਦਰਤ ਦਾ ਮਜ਼ਾ ਲੈਣ ਲਈ ਗਏ ।
ਯੂਨੇਸਕੋ ਤੋਂ ਮਾਨਤਾ ਪ੍ਰਾਪਤ ਹਾਓ ਸਾਊਂਡ ਬਾਇਓਸਫੀਅਰ ਵਿੱਚ ਸਥਿਤ, ਸਕੁਆਮਿਸ਼ ਕੈਨਯਨ ਸਿਰਫ਼ ਇਕ ਜੰਗਲੀ ਸਫਰ ਨਹੀਂ। ਇੱਥੇ ਉੱਚੇ ਬੋਰਡਵਾਕ ਤੇ ਪੱਬ ਟਿਕਾਉਂਦਿਆਂ ਤੁਸੀਂ ਸੰਘਣੇ , ਸੁਰੱਖਿਅਤ ਜੰਗਲ ਵਿੱਚ ਪਹੁੰਚ ਜਾਂਦੇ ਹੋ । ਇਸ ਜਗ੍ਹਾ ਦੀ ਚੋਣ ਬੜੀ ਸੂਝ-ਬੂਝ ਨਾਲ ਕੀਤੀ ਗਈ ਲੱਗਦੀ ਹੈ। ਇਹ ਜਗ੍ਹਾ ਵੈਨਕੂਵਰ ਤੋਂ ਵਿਸਲਰ ਨੂੰ ਜਾਂਦਿਆਂ ਰਸਤੇ ਵਿੱਚ ਸਕੁਆਮਿਸ਼ ਦੇ ਐਨ ਨਜ਼ਦੀਕ ਬਣਾਈ ਗਈ ਹੈ । ਇੱਥੇ ਝੂਲਦੇ ਦਰੱਖਤ , ਪੰਛੀਆਂ ਦੀ ਚਹਿਚਹਾਟ , ਵਲ ਖਾਂਦੀਆਂ ਚਮਕਦਾਰ ਨਦੀਆਂ, ਵੰਨ- ਸੁਵੰਨੀ ਕੁਦਰਤੀ ਬਨਸਪਤੀ ਅਤੇ ਚਾਂਦੀ ਰੰਗੇ ਝਰਨੇ ਅਲੌਕਿਕ ਦਿ੍ਸ਼ ਪੇਸ਼ ਕਰਦੇ ਹਨ । ਹਰ ਮੋੜ ‘ਤੇ ਇੱਕ ਨਵਾਂ ਦ੍ਰਿਸ਼ ਤੁਹਾਡੀ ਰੂਹ ਨੂੰ ਸ਼ਰਸ਼ਾਰ ਕਰ ਦਿੰਦਾ ਹੈ । ਸ਼ਹਿਰ ਦੀ ਤੇਜ਼ ਰਫਤਾਰ ਜ਼ਿੰਦਗੀ ਤੋਂ ਕੁਝ ਮਿੰਟਾਂ ਦੀ ਦੂਰੀ ਤੈਅ ਕਰਕੇ ਤੁਸੀਂ ਇੱਥੇ ਕੁਦਰਤ ਨਾਲ ਜੁੜਨ ਦਾ ਅਹਿਸਾਸ ਮਾਣ ਸਕਦੇ ਹੋ ।
ਮਮਕਵਾਮ ਫਾਲਜ਼, ਇਸ ਕੈਨੀਯਨ ਦਾ ਮੁੱਖ ਆਕਰਸ਼ਨ ਹੈ ਜਿੱਥੇ ਚਾਂਦੀ ਰੰਗੇ ਪਾਣੀ ਦਾ ਠਾਠਾਂ ਮਾਰਦਾ ਸਹੁੱਪਣ ਹੈ। ਸਲੇਟੀ ਰੰਗੇ ਪੱਥਰਾਂ ਵਿਚਕਾਰ ਵਗਦਾ ਝਰਨਾ ਮਨੁੱਖ ਨੂੰ ਨਿਮਰ ਵੀ ਕਰਦਾ ਹੈ ਤੇ ਪ੍ਰੇਰਨਾ ਵੀ ਦਿੰਦਾ ਹੈ।
ਇਸ ਦੇ ਨੇੜੇ ਹੀ ਫਾਰੇਸਟ ਲਾਊਂਜ ਹੈ । ਇੱਥੇ ਬੈਠਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਅਸੀ ਕੁਝ ਸਮਾਂ ਇੱਥੇ ਰੁਕੇ ਅਤੇ ਸਾਂਤ ਜੰਗਲ ਵਿਚਕਾਰ ਬਲਬਾਂ ਦੀ ਹਲਕੀ ਰੋਸ਼ਨੀ ਵਿੱਚ ਮੇਜ਼ ਕੁਰਸੀਆਂ ‘ਤੇ ਬੈਠ ਕੇ ਲਜ਼ੀਜ਼ ਖਾਣੇ ਦਾ ਆਨੰਦ ਲਿਆ।
ਇੱਥੇ ਬੱਚਿਆਂ ਲਈ ‘ਪਲੇ ਇਨ ਦ ਫਾਰੇਸਟ’ ਖਾਸ ਤੌਰ ’ਤੇ ਬਣਾਇਆ ਗਿਆ ਹੈ—ਇੱਕ ਖੇਡ-ਮੈਦਾਨ ਜਿੱਥੇ ਬੱਚੇ ਕੁਦਰਤ ਨਾਲ ਖੇਡਦੇ, ਸਿੱਖਦੇ ਅਤੇ ਆਪਣੇ ਆਪਣੇ ਆਪ ਵਿੱਚ ਮਸਤ ਹੋ ਜਾਂਦੇ ਹਨ। ਮੇਰਾ ਛੋਟਾ ਬੇਟਾ ਇੱਥੇ ਪੰਘੂੜਿਆਂ ‘ਤੇ ਖੇਡ ਕੇ ਬਹੁਤ ਖੁਸ਼ ਹੋਇਆ। ਅਸੀਂ ਨੋਟ ਕੀਤਾ ਕਿ ਇੱਥੇ ਬੱਚਿਆਂ ਦੇ ਖੇਡਣ ਅਤੇ ਖਾਣ-ਪੀਣ ਲਈ ਬੈਠਣ ਵਾਲੀ ਜਗ੍ਹਾ ਬਣਾਉਣ ਲਈ ਭਾਂਵੇ ਖੁੱਲ੍ਹੀ ਥਾਂ ਹੈ ਪਰ ਇਸ ਜਗ੍ਹਾ ਦਾ ਨਿਰਮਾਣ ਇਸ ਤਰ੍ਹਾਂ ਕੀਤਾ ਗਿਆ ਸੀ ਜਿਸ ਨਾਲ ਘੱਟ ਤੋਂ ਘੱਟ ਦਰੱਖਤ ਕੱਟਣ ਦੀ ਨੌਬਤ ਆਈ।
ਕੈਨਯਨ ਵਿੱਚ ਹਰ ਥਾਂ ਲੱਗੇ ਸਟੋਰੀਟੈਲਿੰਗ ਪੈਨਲ ਇਤਿਹਾਸ, ਸਭਿਆਚਾਰ ਅਤੇ ਕੁਦਰਤੀ ਵਿਰਾਸਤ ਨੂੰ ਰੰਗੀਨ ਕਹਾਣੀਆਂ ਰਾਹੀਂ ਜੀਵੰਤ ਕਰਦੇ ਹਨ।
ਸਾਡੀ ਇਸ ਯਾਤਰਾ ਨੂੰ ਸਾਡੇ ਪਰਿਵਾਰਕ ਮਿੱਤਰ ਗਗਨਦੀਪ ਘੁੰਮਣ ਨੇ ਹੋਰ ਵੀ ਖਾਸ ਬਣਾ ਦਿੱਤਾ। ਉਹ ਕਈ ਸਾਲਾਂ ਤੋਂ ਸਕੁਆਮਿਸ਼ ਵਿੱਚ ਵੱਸਦੇ ਹਨ ਅਤੇ ‘ਸਕੁਆਮਿਸ਼ ਰਿਪੋਰਟਰ’ ਨਾਮ ਦਾ ਆਨਲਾਈਨ ਅਖ਼ਬਾਰ ਕੱਢਦੇ ਹਨ, ਜੋ ਸੀ-ਟੂ-ਸਕਾਈ ਕਮਿਊਨਟੀ ਦੀਆਂ ਅਵਾਜ਼ਾਂ ਨੂੰ ਉਭਾਰਦਾ ਹੈ। ਸਾਡੇ ਲਈ ਟਿਕਟਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਗਿਆ ਸੀ ਅਤੇ ਅਸੀਂ ਸੀ-ਟੂ-ਸਕਾਈ ਹਾਈਵੇ ਰਾਹੀਂ ਆਸਾਨੀ ਨਾਲ ਨਿਸ਼ਚਿਤ ਜਗ੍ਹਾ ‘ਤੇ ਪਹੁੰਚ ਗਏ। ਸੀ-ਟੂ-ਸਕਾਈ ਗੋਂਡੋਲਾ ਤੋਂ ਥੋੜ੍ਹਾ ਅੱਗੇ, ਮੈਕ ਬਲੋ ਲਾਗਿੰਗ ਰੋਡ ਤੋਂ ਸੱਜੇ ਮੁੜ ਕੇ ਸਿੱਧਾ ਕੈਨਯਨ ਤੱਕ ਪਹੁੰਚਿਆ ਜਾ ਸਕਦਾ ਹੈ। ਉੱਥੇ ਗੱਡੀਆਂ ਖੜ੍ਹੀਆਂ ਕਰਨ ਲਈ ਮੁਫ਼ਤ ਪਾਰਕਿੰਗ ਦੀ ਸਹੂਲਤ ਦਿੱਤੀ ਗਈ ਹੈ।
ਸਕੁਆਮਿਸ਼ ਕੈਨੀਯਨ ਪਹੁੰਚ ਕੇ ਅਸੀਂ ਗੇਟ’ਤੇ ਆਪਣੀਆਂ ਟਿਕਟਾਂ ਦਿਖਾਈਆਂ , ਗੇਟ ‘ਤੇ ਖੜ੍ਹੀ ਲੜਕੀ ਨੇ ਮੁਸਕਾਨ ਬਿਖੇਰਦਿਆਂ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ। ਜਦੋਂ ਅਸੀਂ ਬੋਰਡਵਾਕ ਤੇ ਚੱਲ ਰਹੇ ਸੀ, ਇੱਕ ਪੁਲ ’ਤੇ ਡਰਟ ਬਾਈਕਰਾਂ ਨੂੰ ਲੰਘਦੇ ਵੇਖਿਆ—ਇਹ ਯਾਦ ਦਿਵਾਉਂਦਾ ਕਿ ਸਕੁਆਮਿਸ਼ ਕਈ ਕਿਸਮਾਂ ਦੇ ਸਾਹਸਕਾਰੀ ਲੋਕਾਂ ਦੀ ਮਿਲਣ-ਥਾਂ ਹੈ। ਪੁਲ ਦੇ ਨਜ਼ਦੀਕ ਖੜ੍ਹੇ ਹੋ ਕੇ ਅਸੀਂ ਆਪਣੀਆਂ ਤਸਵੀਰਾਂ ਖਿੱਚਣ ਲੱਗ ਪਏ । ਮੇਰੇ ਵੱਡੇ ਬੇਟੇ ਨੇ ਆਪਣੇ ਫੋਨ ਦੇ ਕੈਮਰੇ ਰਾਹੀਂ ਕੁਝ ਹੋਰ ਕੁਦਰਤੀ ਦ੍ਰਿਸ਼ ਕੈਦ ਕਰ ਲਏ। ਅਸੀਂ ਇੱਥੇ ਤਕਰੀਬਨ ਤਿੰਨ ਘੰਟੇ ਰੁਕੇ । ਮੇਰੇ ਲਈ ਇਹ ਸਿਰਫ਼ ਇੱਕ ਯਾਤਰਾ ਨਹੀਂ ਸੀ, ਸਗੋਂ ਕੁਦਰਤ ਨਾਲ ਨੇੜਿਓਂ ਜੁੜਨ ਦਾ ਮੌਕਾ ਸੀ। ਸੱਚਮੁੱਚ ਇਹ ਸਾਡੇ ਲਈ ਇੱਕ ਵਿਸਮਾਦੀ ਅਨੁਭਵ ਸੀ।
ਸਕੁਆਮਿਸ਼ ਕੈਨਯਨ ਸਿਰਫ਼ ਇੱਕ ਆਕਰਸ਼ਣ ਨਹੀਂ, ਇੱਕ ਜੰਗਲ ਵਿੱਚ ਮੰਗਲ ਹੈ । ਇਹ ਰੁੱਖਾਂ ਅਤੇ ਮਨੁੱਖਾਂ ਦੀ ਪੁਰਾਣੀ ਸਾਂਝ ਨੂੰ ਮੁੜ-ਮੁੜ ਚੇਤੇ ਕਰਾਂਉਂਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਕੁਦਰਤ ਦਾ ਸੱਚਾ ਆਨੰਦ ਉਸਨੂੰ ਜਿੱਤਣ ਨਾਲ ਨਹੀਂ, ਸਗੋਂ ਹੌਲੀ ਹੌਲੀ ਉਸਦੇ ਵਿਚਕਾਰ ਚੱਲ ਕੇ ਮਿਲਦਾ ਹੈ। ਇਹ ਇੱਕ ਅਨੁਭਵ ਹੈ ਜੋ ਤੁਹਾਡੇ ਨਾਲ ਲੰਮੇ ਸਮੇਂ ਤੱਕ ਰਹਿੰਦਾ ਹੈ—ਬਰਸਾਤ ਵਿੱਚ ਦੇਵਦਾਰ ਦੀ ਖੁਸ਼ਬੂ ਵਾਂਗ।
ਜੇਕਰ ਤੁਸੀਂ ਕੁਦਰਤ ਪ੍ਰੇਮੀ ਹੋ , ਬਨਸਪਤੀ ਨੂੰ ਨੇੜੇ ਹੋ ਕੇ ਮਾਣਨ ਦੇ ਸ਼ੌਕੀਨ ਹੋ ਜਾਂ ਪਰਿਵਾਰ ਨਾਲ ਕੁਝ ਸਮਾਂ ਕੁਦਰਤ ਦੀ ਗੋਦ ਵਿੱਚ ਬੈਠ ਕੇ ਮਾਨਣਾ ਚਾਹੁੰਦੇ ਹੋ ਤਾਂ ਸਕੁਆਮਿਸ਼ ਕੈਨਯਨ ਇਕ ਬਿਹਤਰੀਨ ਜਗ੍ਹਾ ਹੈ। ਇੱਥੇ ਸ਼ਾਂਤੀ ਦੀ ਭਾਲ ਵਿੱਚ ਨਿਕਲੇ ਲੋਕਾਂ ਨੂੰ ਸਕੂਨ ਮਿਲਦਾ ਹੈ । ਦਰਅਸਲ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਹੁੰਚ ਕੇ ਯਕੀਨਨ ਤੁਸੀਂ ਤਨਾਅ ਮੁਕਤ ਹੋ ਸਕਦੇ ਹੋ। ਆਪਣੇ ਲਈ , ਪਰਿਵਾਰ ਨਾਲ ਜਾਂ ਮਿੱਤਰ ਮੰਡਲੀ ਨਾਲ ਜਾਣ ਲਈ ਖੁਦ ਆਨਲਾਈਨ ਟਿਕਟਾਂ ਇਥੋਂ ਖਰੀਦੋ Squamish Canyon
ਇਸ ਦਾ ਜ਼ਿਆਦਾ ਖ਼ਰਚਾ ਵੀ ਨਹੀਂ ਹੈ , ਤਾਂ ਫਿਰ ਹੋਰ ਕਿਸ ਦੀ ਉਡੀਕ ਕਰ ਰਹੇ ਹੋ , ਚੱਕੋ ਚਾਬੀਆਂ, ਕਰੋ ਕਾਰਾਂ ਸਟਾਰਟ ਤੇ ਚੱਲ ਪਉ ਸੁਕਾਅਮਿਸ਼ ਵੱਲ ਨੂੰ । ਜੰਗਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।

