
ਵਿਕਟੋਰੀਆ – ਸਿੱਖ ਵਿਰਾਸਤ ਮਹੀਨੇ ਦੇ ਮੌਕੇ ‘ਤੇ, ਬ੍ਰਿਟਿਸ਼ ਕੋਲੰਬੀਆ ਦੀ ਅਟਰਨੀ ਜਨਰਲ, ਨਿੱਕੀ ਸ਼ਰਮਾ ਨੇ ਬਿਆਨ ਜਾਰੀ ਕੀਤਾ ਹੈ ।
ਉਨ੍ਹਾਂ ਕਿਹਾ,“ਬੀ.ਸੀ. ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ, ਅਤੇ ਇਹ ਸੂਬੇ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ, ਕੀਮਤੀ ਇਤਿਹਾਸ, ਅਤੇ ਦ੍ਰਿੜ੍ਹ ਜਜ਼ਬੇ ਨੂੰ ਮਾਨਤਾ ਦੇਣ ਦਾ ਸਮਾਂ ਹੈ।
“ਬੀ.ਸੀ. ਦੇ ਤਟਾਂ ’ਤੇ 1900 ਦੇ ਸ਼ੁਰੂਆਤੀ ਸਾਲਾਂ ਵਿੱਚ ਪਹਿਲੇ ਸਿੱਖ ਪਰਵਾਸੀਆਂ ਦੇ ਪਹੁੰਚਣ ਤੋਂ ਲੈ ਕੇ, ਸਿੱਖ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਬ੍ਰਿਟਿਸ਼ ਕੋਲੰਬੀਆ ਦੀ ਕਹਾਣੀ ਦਾ ਹਿੱਸਾ ਰਹੇ ਹਨ।ਅੱਜ, ਬੀ.ਸੀ. ਦਾ ਸਿੱਖ ਭਾਈਚਾਰਾ ਦੁਨੀਆ ਦੇ ਸਭ ਤੋਂ ਵੱਡੇ ਪਰਵਾਸੀ ਸਿੱਖ ਭਾਈਚਾਰਿਆਂ ਵਿੱਚੋਂ ਇੱਕ ਹੈ, ਅਤੇ ਬੀ.ਸੀ. ਹਰ ਸਾਲ ਨੌਰਥ ਅਮਰੀਕਾ ਵਿੱਚ ਵਿਸਾਖੀ ਦੇ ਸਭ ਤੋਂ ਵੱਡੇ ਜਸ਼ਨ ਦੀ ਮੇਜ਼ਬਾਨੀ ਕਰਦਾ ਹੈ।
“ਇਸ ਇਤਿਹਾਸ ਨੂੰ ਮਾਨਤਾ ਦਿੰਦੇ ਸਮੇਂ, ਅਸੀਂ ਸਿੱਖਾਂ ਨੂੰ ਦਰਪੇਸ਼ ਰਹੀਆਂ ਇਤਿਹਾਸਕ ਅਤੇ ਅਜੇ ਤੱਕ ਜਾਰੀ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਕਈ ਦਹਾਕੇ ਪਹਿਲਾਂ, ਕੋਮਾਗਾਟਾ ਮਾਰੂ ਘਟਨਾ ਵਰਗੀਆਂ ਤ੍ਰਾਸਦੀਆਂ ਅਤੇ ਅਲਹਿਦਗੀ ਵਾਲੇ ਕਾਨੂੰਨਾਂ ਦੇ ਰੂਪ ਵਿੱਚ ਸਿੱਖਾਂ ਖਿਲਾਫ਼ ਵਿਤਕਰਾ ਸਾਹਮਣੇ ਆਇਆ। ਇਨ੍ਹਾਂ ਕਾਨੂੰਨਾਂ ਨੇ ਸਿੱਖਾਂ ਨੂੰ ਨਾਗਰਿਕ ਜੀਵਨ ਵਿੱਚ ਪੂਰੀ ਭਾਗੀਦਾਰੀ ਤੋਂ ਵਾਂਝਾ ਰੱਖਿਆ। ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਅੱਜ ਵੀ ਭੇਦਭਾਵਪੂਰਨ ਨੀਤੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਅਜਿਹੇ ਕਾਨੂੰਨ ਵੀ ਸ਼ਾਮਲ ਹਨ ਜੋ ਕੁਝ ਸਰਕਾਰੀ ਖੇਤਰ ਦੇ ਕਰਮਚਾਰੀਆਂ ਨੂੰ ਕੰਮ ‘ਤੇ ਧਾਰਮਿਕ ਚਿੰਨ੍ਹ, ਜਿਵੇਂ ਕਿ ਦਸਤਾਰ, ਪਹਿਨਣ ਤੋਂ ਰੋਕ ਸਕਦੇ ਹਨ। ਇਹ ਉਹ ਕਾਨੂੰਨ ਨਹੀਂ ਹਨ ਜੋ ਬੀ.ਸੀ. ਦੇ ਲੋਕ ਚਾਹੁੰਦੇ ਹਨ। ਇਸ ਲਈ ਅਸੀਂ ਕੈਨੇਡਾ ਦੀ ਸੁਪਰੀਮ ਕੋਰਟ ਅੱਗੇ ਕਿਊਬੈਕ ਦੇ ਬਿੱਲ 21 ਖ਼ਿਲਾਫ਼ ਫੈਡਰਲ ਸਰਕਾਰ ਦੀ ਚੁਣੌਤੀ ਵਿੱਚ ਦਖ਼ਲ ਦੇਰਹੇ ਹਾਂ। ਅਸੀਂ ਕੈਨੇਡਾ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹਾਂ।
“ਇੱਥੇ ਬੀ.ਸੀ. ਵਿੱਚ, ਹਾਲ ਹੀ ਵਿੱਚ ਅਸੀਂ ‘ਸੇਫ਼ ਐਕਸੈੱਸ ਟੂ ਪਲੇਸਿਜ਼ ਆਫ ਪਬਲਿਕ ਵਰਸ਼ਿਪ ਐਕਟ’ ਪੇਸ਼ ਕੀਤਾ ਹੈ, ਜੋ ਸਿੱਖਾਂ ਵਿਰੋਧੀ ਨਫ਼ਰਤ ਨਾਲ ਨਜਿੱਠਦਾ ਹੈ। ਇਹ ਕਾਨੂੰਨ ਗੁਰਦੁਆਰਿਆਂ ਅਤੇ ਮੰਦਰਾਂ ਵਰਗੀਆਂ ਸ਼ਰਧਾ ਥਾਵਾਂ ਦੇ ਆਲੇ-ਦੁਆਲੇ ਸੁਰੱਖਿਅਤ ਜ਼ੋਨ ਬਣਾਏਗਾ, ਜਿੱਥੇ ਲੋਕਾਂ ਨੂੰ ਧਾਰਮਿਕ ਸੇਵਾਵਾਂ ਵਿੱਚ ਸ਼ਾਮਲ ਹੋਣ ਤੋਂ ਰੋਕਣ, ਡਰਾਉਣ, ਜਾਂ ਪਰੇਸ਼ਾਨ ਕਰਨ ਵਾਲੇ ਵਿਵਹਾਰ ’ਤੇ ਪਾਬੰਦੀ ਹੋਵੇਗੀ। ਇਸ ਵਿਧਾਨ ਦੀ ਰਚਨਾ ਸੂਬੇ ਅਤੇ ਧਾਰਮਿਕ ਆਗੂਆਂ ਦਰਮਿਆਨ ਹੋ ਰਹੀਆਂ ਲਗਾਤਾਰ ਚਰਚਾਵਾਂ ‘ਤੇ ਆਧਾਰਿਤ ਹੈ, ਜਿਨ੍ਹਾਂ ਵਿੱਚ ਕਈ ਸਿੱਖ ਮੋਢੀ ਵੀ ਸ਼ਾਮਲ ਹਨ।
“ਇਸ ਸਿੱਖ ਵਿਰਾਸਤ ਮਹੀਨੇ ਦੌਰਾਨ, ਅਸੀਂ ਨਾ ਸਿਰਫ਼ ਉਸ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ਜੋ ਸਾਡੇ ਜੀਵਨ ਨੂੰ ਹੋਰ ਵਧੀਆ ਬਣਾਉਂਦੀ ਹੈ, ਸਗੋਂ ਹਰੇਕਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਲਈ ਵੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਾਂ। ਸਿੱਖ ਧਰਮ ਦੇ ਬੁਨਿਆਦੀ ਮੁੱਲ ਸਾਡੇ ਸਾਰਿਆਂ ਦੇ ਸਾਂਝੇ ਹਨ – ਹਰੇਕ ਲਈ ਬਰਾਬਰਤਾ ਅਤੇ ਇਨਸਾਫ਼, ਅਤੇ ਨਿਮਰਤਾ ਅਤੇ ਸਭ ਤੋਂ ਪਹਿਲਾਂ ਦੂਜਿਆਂ ਦੀ ਨਿਰਸਵਾਰਥ ਸੇਵਾ। ਇਕੱਠੇ ਮਿਲ ਕੇ, ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੀ ਵਿਭਿੰਨਤਾ ਸਾਡੀਆਂ ਸਭ ਤੋਂ ਵੱਡੀਆਂ ਖੂਬੀਆਂ ਵਿੱਚੋਂ ਇੱਕ ਬਣੇ ਰਹਿਣਾ ਜਾਰੀ ਰਹੇ।
“ਸਿੱਖ ਵਿਰਾਸਤ ਮਹੀਨੇ ਦੀਆਂ ਵਧਾਈਆਂ!”

Comments