ਸਰੀ- ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਖੋਲ੍ਹੇ ਗਏ ਨਵੇਂ ਰੈਸਟੋਰੈਂਟ ਉਪਰ ਬੀਤੀ ਰਾਤ ਕਿਸੇ ਅਗਿਆਤ ਹਥਿਆਰਬੰਦ ਵੱਲੋਂ ਗੋਲੀਬਾਰੀ ਕੀਤੀ ਗਈ।
ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਵੱਲੋਂ ਅਜੇ ਕੁਝ ਦਿਨ ਪਹਿਲਾਂ ਹੀ ਆਪਣੀ ਪਤਨੀ ਗਿੰਨੀ ਨਾਲ ਮਿਲਕੇ ਸਰੀ ਵਿੱਚ ‘ਕੈਪ ਜ ਕੈਫੇ’ ਨਾਂ ਦਾ ਰੈਸਟੋਰੈਂਟ ਖੋਲ੍ਹਿਆ ਸੀ ਅਤੇ ਬੀਤੀ 9 ਜੁਲਾਈ ਦੀ ਦੇਰ ਰਾਤ ਇਹ ਘਟਨਾ ਵਾਪਰ ਗਈ। ਘਟਨਾ ਸਮੇਂ ਸਟਾਫ ਮੈਂਬਰ ਰੈਸਟੋਰੈਂਟ ਅੰਦਰ ਮੌਜੂਦ ਸਨ ਪਰ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ । ਇਸ ਘਟਨਾ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਾਰ ਵਿਚ ਬੈਠਾ ਇਕ ਅਣਪਛਾਤਾ ਰੈਸਟੋਰੈਂਟ ਉਪਰ ਫਾਇਰਿੰਗ ਕਰ ਰਿਹਾ ਹੈ। ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ਉਪਰ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਜਰਮਨੀ ਨਿਵਾਸੀ ਹਰਜੀਤ ਸਿੰਘ ਲਾਡੀ ਵਲੋਂ ਜਿੰਮੇਵਾਰੀ ਲਈ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਪਿਲ ਸ਼ਰਮਾ ਵੱਲੋਂ ਨੈਟਫਲਿਕਸ ਉਤੇ ਚੱਲ ਰਹੇ ਆਪਣੇ ਸ਼ੋਅ ਦੌਰਾਨ ਕੀਤੀ ਕਿਸੇ ਇਤਰਾਜ਼ਯੋਗ ਟਿੱਪਣੀ ਨਾਲ ਸੰਬੰਧਿਤ ਹੈ। ਦੱਸਣਯੋਗ ਹੈ ਕਿ ਹਰਜੀਤ ਸਿੰਘ ਲਾਡੀ ਪੰਜਾਬ ਵਿਚ ਅਪ੍ਰੈਲ 2024 ਵਿਚ ਵਿਕਾਸ ਪ੍ਰਭਾਕਰ ਨਾਮ ਦੇ ਵਿਅਕਤੀ ਦੇ ਕਤਲ ਦੇ ਦੋਸ਼ਾਂ ਹੇਠ ਪੁਲਿਸ ਨੂੰ ਲੋੜੀਂਦਾ ਹੈ ਅਤੇ ਭਾਰਤੀ ਕੌਮੀ ਜਾਂਚ ਏਜੰਸੀ (ਐਨ ਆਈ ਏ) ਵਲੋਂ ਜਾਰੀ ਲੋੜੀਂਦੇ ਅਤਵਾਦੀਆਂ ਦੀ ਸੂਚੀ ਵਿਚ ਵੀ ਸ਼ਾਮਿਲ ਹੈ।
ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਘਟਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
Comments