ਸਰੀ, ਬੀ.ਸੀ.- ਸਰੀ ਵਿੱਚ ਫਿਰ ਗੋਲੀਆਂ ਚੱਲੀਆਂ ਹਨ । ਸਰੀ ਪੁਲਿਸ ਨਿਊਟਨ ਇਲਾਕੇ ਵਿੱਚ ਇਕ ਕਾਰੋਬਾਰ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ।
ਗੋਲੀ ਚੱਲਣ ਦੀ ਘਟਨਾ 19 ਅਕਤੂਬਰ ਨੂੰ ਲਗਭਗ 12:55 ਵਜੇ ਰਾਤ ਨੂੰ ਵਾਪਰੀ ਦੱਸੀ ਗਈ ਹੈ । ਪੁਲਸ ਨੂੰ ਕਿੰਗ ਜਾਰਜ ਬੁਲਵਾਰਡ ਅਤੇ 81 ਐਵੇਨਿਊ ਇਲਾਕੇ ਵਿੱਚ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲੀਆਂ ਸਨ । ਮੌਕੇ ’ਤੇ ਪਹੁੰਚਣ ’ਤੇ, ਅਧਿਕਾਰੀਆਂ ਨੂੰ ਇਕ ਕਾਰੋਬਾਰ ‘ਤ ਵੱਜੀਆਂ ਗੋਲੀਆਂ ਦੇ ਨਿਸ਼ਾਨਾਂ ਦਾ ਪਤਾ ਲੱਗਿਆ ।
ਜਾਂਚ ਦੌਰਾਨ ਪਤਾ ਲੱਗਾ ਕਿ ਸ਼ੱਕੀ ਨੇ ਉਹਨਾਂ ਪੀੜਤਾਂ ਉੱਤੇ ਗੋਲੀ ਚਲਾਈ ਜੋ ਕਾਰ ਵਿੱਚ ਬੈਠੇ ਹੋਏ ਸਨ। ਗੋਲੀਬਾਰੀ ਤੋਂ ਬਾਅਦ ਸ਼ੱਕੀ ਅਤੇ ਪੀੜਤ ਦੋਵੇਂ ਆਪਣੀਆਂ ਕਾਰਾਂ ਵਿੱਚ ਮੌਕੇ ਤੋਂ ਭੱਜ ਗਏ।
ਇਸ ਮਾਮਲੇ ਦੀ ਜਾਂਚ ਹੁਣ SPS ਦੀ ਫਰੰਟਲਾਈਨ ਇਨਵੈਸਟਿਗੇਟਿਵ ਸਪੋਰਟ ਟੀਮ (FLIST) ਕਰ ਰਹੀ ਹੈ, ਜਦਕਿ ਇੰਟੀਗ੍ਰੇਟਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸ (IFIS) ਨੇ ਸਬੂਤ ਇਕੱਠੇ ਕਰਨ ਵਿੱਚ ਸਹਾਇਤਾ ਦਿੱਤੀ ਹੈ।
ਪੁਲਿਸ ਨੇ ਕਿਹਾ ਹੈ ਕਿ ਗੋਲੀਬਾਰੀ ਦਾ ਮਕਸਦ ਅਜੇ ਤੱਕ ਸਪਸ਼ਟ ਨਹੀਂ ਹੋਇਆ, ਪਰੰਤੂ ਫਿਲਹਾਲ ਫਿਰੌਤੀ ਦੀਆਂ ਵਾਪਰ ਰਹੀਆਂ ਘਟਨਾਵਾਂ ਨਾਲ ਕੋਈ ਤੰਦ ਜੁੜਦੀ ਦਿਖਾਈ ਨਹੀਂ ਦਿੱਤੀ ।
ਸ਼ੱਕੀ ਦੀ ਕਾਰ ਦਾ ਵਰਣਨ ਇੱਕ ਚਿੱਟੀ, ਨਵੇਂ ਮਾਡਲ ਦੀ, ਚਾਰ ਦਰਵਾਜ਼ਿਆਂ ਵਾਲੀ ਸਡੈਨ ਕਾਰ ਵਜੋਂ ਕੀਤਾ ਗਿਆ ਹੈ।
ਜੋ ਕੋਈ ਵੀ ਵਿਅਕਤੀ ਇਸ ਘਟਨਾ ਬਾਰੇ ਜਾਣਕਾਰੀ ਰੱਖਦਾ ਹੈ ਜਾਂ ਜਿਸ ਕੋਲ ਡੈਸ਼ਕੈਮ ਜਾਂ CCTV ਫੁਟੇਜ ਹੈ, ਉਹ SPS ਦੀ ਨਾਨ-ਐਮਰਜੈਂਸੀ ਲਾਈਨ 604-599-0502 ‘ਤੇ ਸੰਪਰਕ ਕਰ ਸਕਦਾ ਹੈ ਜਾਂ ਕ੍ਰਾਈਮ ਸਟਾਪਰਜ਼ ਨੂੰ 1-800-222-8477 ‘ਤੇ ਗੁਪਤ ਜਾਣਕਾਰੀ ਦੇ ਸਕਦਾ ਹੈ।
Comments