
ਸ੍ਰੀ ਅੰਮ੍ਰਿਤਸਰ ਸਾਹਿਬ- ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ‘ਤੇ ਪਾਬੰਦੀ ਲਾਉਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਗੁਰਪੁਰਬ ਲਈ ਜਾ ਰਹੇ ਸਿੱਖ ਜਥਿਆਂ ‘ਤੇ ਭਾਰਤ ਸਰਕਾਰ ਵੱਲੋਂ ਲਾਈ ਪਾਬੰਦੀ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਖੁੱਲ੍ਹੀ ਤੌਹੀਨ ਅਤੇ ਬੇਰਹਿਮੀ ਹੈ। ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਮੈਚ ਹੋ ਸਕਦੇ ਹਨ ਤਾਂ ਸਿੱਖ ਯਾਤਰੀਆਂ ਨੂੰ ਆਪਣੇ ਗੁਰੂਘਰ ਜਾਣ ਤੋਂ ਰੋਕਣਾ ਸਾਫ਼-ਸਾਫ਼ ਧਾਰਮਿਕ ਵੈਰਤਾ ਅਤੇ ਜ਼ਬਰ ਹੈ।
ਜੰਗ ਦਾ ਬਹਾਨਾ ਬਣਾਕੇ ਕਰਤਾਰਪੁਰ ਕੋਰੀਡੋਰ ਬੰਦ ਰੱਖਣਾ ਸਿੱਖਾਂ ਨਾਲ ਧੋਖੇਬਾਜ਼ੀ ਹੈ। ਇਤਿਹਾਸ ਗਵਾਹ ਹੈ ਕਿ ਤਿੰਨ-ਤਿੰਨ ਜੰਗਾਂ ਦੌਰਾਨ ਵੀ ਸਿੱਖਾਂ ਦੀ ਯਾਤਰਾ ਕਦੇ ਨਹੀਂ ਰੋਕੀ ਗਈ, ਪਰ ਅੱਜ ਦੀ ਸਰਕਾਰ ਏਜੰਸੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਇਹ ਦੁਖਾਂਤਕ ਗੱਲ ਹੈ ਕਿ ਮੁਗਲਾਂ ਦੇ ਜ਼ੁਲਮ ਭਰੇ ਸਮੇਂ ਵਿੱਚ ਵੀ ਐਸੀ ਪਾਬੰਦੀਆਂ ਨਹੀਂ ਲੱਗੀਆਂ ਜਿਹੜੀਆਂ ਅੱਜ ਭਾਰਤ ਸਰਕਾਰ ਲਗਾ ਰਹੀ ਹੈ। ਇਹ ਸਿੱਖ ਕੌਮ ਦੇ ਧਾਰਮਿਕ ਅਧਿਕਾਰਾਂ ਦੀ ਬੇਇਜ਼ਤੀ ਹੈ ਜਿਸਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਾਡੀ ਕੌਮ ਆਪਣੇ ਗੁਰੂਘਰਾਂ ਅਤੇ ਧਰਮਕ ਆਜ਼ਾਦੀ ਲਈ ਹਮੇਸ਼ਾਂ ਸੰਘਰਸ਼ ਕਰਦੀ ਆਈ ਹੈ ਅਤੇ ਜ਼ੁਲਮ ਦੇ ਖ਼ਿਲਾਫ਼ ਅੱਜ ਵੀ ਡਟ ਕੇ ਲੜੇਗੀ।
