
ਧਰਤੀ ਦੀ ਧੀ-ਸਾਕਸ਼ੀ ਸਾਹਨੀ
ਪੰਜਾਬ ਪਾਣੀ ਵਿੱਚ ਡੁੱਬਿਆ ਪਿਆ ਹੈ। ਧਰਤੀ ਦੇ ਪੁੱਤਰ ਲੋੜੀਂਦੇ ਸਮਾਨ ਤੇ ਰਾਸ਼ਨ ਦੀਆਂ ਟਰਾਲੀਆਂ ਭਰ ਕੇ ਜੈਕਾਰੇ ਬੁਲਾਉਂਦੇ, ਡੁੱਬੇ ਪੰਜਾਬ ਦੀ ਬਾਂਹ ਫੜਨ ਲਈ ਦਿਨ-ਰਾਤ ਜੂਝ ਰਹੇ ਨੇ।
ਪਰ ਮੈਂ ਏਥੇ ਧਰਤੀ ਦੀ ਧੀ ਅੰਬਰਸਰ ਦੀ ਡਿਪਟੀ ਕਮਿਸ਼ਨਰ ਬੀਬੀ ਸਾਕਸ਼ੀ ਸਾਹਨੀ ਦੀ ਗੱਲ ਕਰਨੀ ਹੈ।
ਮੈਂ ਕੌਣ ਹਾਂ! ਉਹਦੀ ਗੱਲ ਤਾਂ, ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਨਾਲ, ਹਰ ਇੱਕ ਪੰਜਾਬੀ ਕਰ ਰਿਹਾ ਹੈ।
ਮੇਰਾ ਪਾਠਕ ਕਹਿੰਦਾ ਹੈ, “ਇਸ ਡੀ ਸੀ ਭੈਣ ਲਈ ਸੌ ਸਫ਼ੇ ਦੀ ਕਹਾਣੀ ਲਿਖਣ ਨੂੰ ਜੀ ਕਰਦਾ ਹੈ!”
ਉਹਦੀ ਕਹਾਣੀ ਤਾਂ ਘਰ ਘਰ ਪਾਈ ਜਾ ਰਹੀ ਹੈ। ਅਸਾਂ ਉਹਦੀ ਕਹਾਣੀ ਕੀ ਲਿਖਣੀ ਹੈ!
ਉਹ ਤਾਂ ਖ਼ੁਦ-ਬ-ਖ਼ੁਦ ਪਾਣੀਆਂ ’ਚ ਤੁਰੀ ਫਿਰਦੀ ਕਵਿਤਾ ਹੈ।
ਸਾਕਸ਼ੀ ਸਾਹਨੀ—ਇੱਕ ਨਾਂ ਨਹੀਂ, ਇੱਕ ਜਜ਼ਬਾ ਹੈ।
ਸਾਕਸ਼ੀ ਸਾਹਨੀ—ਨਾਮ ਜਿਵੇਂ ਚਾਨਣ ਦੀ ਲਕੀਰ ਹੋਵੇ!
ਜਿਸ ਨੇ ਅਹੁਦੇ ਨੂੰ ਨਹੀਂ, ਇਨਸਾਨੀਅਤ ਨੂੰ ਨਵੀਂ ਪਛਾਣ ਦਿੱਤੀ ਹੈ। ਪਾਣੀ ‘ਚ ਜਦ ਲੋਕ ਡੁੱਬ ਰਹੇ ਹਨ, ਸਾਕਸ਼ੀ ਨੇ ਆਪਣੇ ਹੱਥਾਂ ਨਾਲ ਉਮੀਦਾਂ ਦੇ ਚਿਰਾਗ ਬਾਲੇ ਹਨ। ਨਾ ਥਕਾਵਟ, ਨਾ ਡਰ, ਨਾ ਹੌਲੀ ਚਾਲ, ਉਹਦੀ ਸੇਵਾ ਲੋਕਾਂ ਲਈ ਰੱਖਿਆ ਦੀ ਢਾਲ ਬਣ ਗਈ।
ਉਹ ਕਾਲਾ ਰੇਨ ਕੋਟ ਪਹਿਨੀ, ਗੋਡੇ ਗੋਡੇ ਪਾਣੀ ਵਿੱਚ ‘ਛੜੱਪ! ਛੜੱਪ!’ਆਪਣੀ ਟੀਮ ਦੇ ਅੱਗੇ ਅੱਗੇ ਤੇਜ਼ ਕਦਮੀ ਇੰਝ ਤੁਰੀ ਜਾਂਦੀ ਹੈ, ਜਿਵੇਂ ਕੋਈ ਫੌਜੀ ਜਰਨੈਲ ਆਪਣੀਆਂ ਫੌਜਾਂ ਦੀ ਅਗਵਾਈ ਕਰਦਾ ਜੰਗ ਦੇ ਮੁਹਾਜ ਵੱਲ ਵਧ ਰਿਹਾ ਹੋਵੇ!
ਵੱਡੇ ਟਾਇਰਾਂ ਵਾਲੇ ਟਰੈਕਟਰ ’ਤੇ ਹੜ੍ਹ ਪੀੜਤਾਂ ਨੂੰ ਪਾਣੀ ਵਿਚੋਂ ਕੱਢਣ ਲਈ ਪਾਣੀ ਵਿੱਚ ਠਿੱਲ੍ਹਦੀ ਹੈ ਤਾਂ ਉਹ ਲੋਕ-ਧਾਰਨਾ ਚੇਤੇ ਆਉਂਦੀ ਹੈ, ‘ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆ ਜੋ ਜੀਹਨੇ ਪਾਰ ਲੰਘਣਾ!”
ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਧੀ ਨੂੰ ਬੇੜੇ ਦੀ ਮਲਾਹ ਬਣਾ ਕੇ ਪਾਣੀ ਵਿੱਚ ਠੇਲ੍ਹ ਦਿੱਤਾ ਹੈ।
ਡੂੰਘੇ ਪਾਣੀਆਂ ਨੂੰ ਚੀਰਦੇ ਜਾਂਦੇ ਟਰੈਕਟਰ ਤੇ ਬੈਠੀ ਸਾਕਸ਼ੀ ਸਾਹਨੀ ਇੰਝ ਲੱਗਦੀ ਹੈ ਜਿਵੇਂ ਮਾਈ ਭਾਗੋ ਦੀ ਨਿੱਕੀ ਭੈਣ ਖ਼ਿਦਰਾਣੇ ਦੀ ਢਾਬ ’ਤੇ ਖੰਡਾ ਖੜਕਾਉਣ ਲਈ ਪਹੁੰਚ ਗਈ ਹੈ।
ਉਹ ਪਾਣੀ ਵਿਚ ਘਿਰੇ ਬਜ਼ੁਰਗ ਕਿਸਾਨ ਨੂੰ ਕਹਿ ਰਹੀ ਹੈ, “ਆ ਜੋ ਨਾ! ਤੁਹਾਡੇ ਘਰ ਨੂੰ ਕੁਝ ਨਹੀਂ ਹੁੰਦਾ! ਤੁਸੀਂ ਨਹੀਂ ਆਉਣਾ ਤਾਂ ਘਰ ਵਿਚ ਜੋ ਔਰਤਾਂ ਨੇ ਉਹਨਾਂ ਨੂੰ ਭੇਜ ਦਿਉ। ਮੈਡੀਸਨ ਚਾਹੀਦੀ ਤਾਂ ਸਾਨੂੰ ਦੱਸੋ।”
ਬਜ਼ੁਰਗ ਉਹਦੀ ਪੇਸ਼ਕਸ਼ ਨੂੰ ਬੇਧਿਆਨਾ ਕਰ ਕੇ ਕਹਿੰਦਾ ਹੈ, “ਮੈਂ ਇਹੋ ਜਿਹੀ ਔਰਤ ਵੇਖੀ ਹੀ ਨਹੀਂ ਅੱਜ ਤੱਕ!”
ਹਰੇਕ ਪੰਜਾਬੀ ਉਸ ਬਜ਼ੁਰਗ ਕਿਸਾਨ ਨਾਲ ਮਿਲ ਕੇ ਉਹਦੇ ਸਿਰ ’ਤੇ ਬਾਬਲ ਵਾਲਾ ਹੱਥ ਧਰਨਾ ਲੋਚਦਾ ਹੈ।
ਸਾਕਸ਼ੀ ਬਜ਼ੁਰਗ ਔਰਤ ਨੂੰ ਪਾਣੀ ਦਾ ਡੱਬਾ ਤੇ ਬਲੱਡ ਪ੍ਰੈਸ਼ਰ ਦੀ ਦਵਾਈ ਫੜਾਉਣ ਲੱਗਦੀ ਹੈ ਤਾਂ ਬਜ਼ੁਰਗ਼ ਮਾਂ ਉਹਨੂੰ ਛਾਤੀ ਨਾਲ ਘੁੱਟ ਲੈਂਦੀ ਹੈ। ਇੰਝ ਲੱਗਦਾ ਹੈ ਜਿਵੇਂ ਧਰਤੀ ਨੇ ਆਪਣੀ ਧੀ ਨੂੰ ਗਲਵੱਕੜੀ ਵਿੱਚ ਘੁੱਟ ਲਿਆ ਹੋਵੇ।
ਮੈਂ ਪਾਣੀ ਭਰੀਆਂ ਅੱਖਾਂ ਨਾਲ ਦੋਵਾਂ ਮਾਵਾਂ-ਧੀਆਂ ਦੁਆਲੇ ਆਪਣੀਆਂ ਬਾਹਵਾਂ ਵਲ਼ ਕੇ ਉਹਨਾਂ ਨੂੰ ਆਪਣੀ ਗਲਵੱਕੜੀ ਵਿੱਚ ਕੱਸ ਲੈਂਦਾ ਹਾਂ।
ਉਹਨਾਂ ਪਲਾਂ ਨੂੰ ਯਾਦ ਕਰਦਿਆਂ ਸਾਕਸ਼ੀ ਕਹਿੰਦੀ ਹੈ,”ਉਹਨਾਂ ਦੀ ਗਲਵੱਕੜੀ ਵਿਚਲਾ ਪਿਆਰ ਮੈਨੂੰ ਸਦਾ ਯਾਦ ਰਹੇਗਾ!”
ਸਾਕਸ਼ੀ ਧੀਏ! ਤੇਰਾ ਸਪਰਪਣ ਵੀ ਲੋਕਾਂ ਨੂੰ ਸਦਾ ਯਾਦ ਰਹੇਗਾ।
ਸਾਕਸ਼ੀ ਕਿਸੇ ਸਰਕਾਰ ਜਾਂ ਪਾਰਟੀ ਦੀ ਨੁਮਾਇੰਦਾ ਨਾ ਹੋ ਕੇ ਬੰਦੇ ਅੰਦਰਲੀ ਬੰਦਿਆਈ ਦੀ ਪ੍ਰਤੀਨਿਧ ਬਣ ਕੇ ਲੋਕਾਂ ਦੀ ਮੁਹੱਬਤ ਦੀ ਪਾਤਰ ਬਣੀ ਹੈ। ਜਦ ਦਫ਼ਤਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ, ਉਹ ਰਾਤਾਂ ਨੂੰ ਵੀ ਮੈਦਾਨ ‘ਚ, ਲੋਕਾਂ ਦੀ ਖਾਤਰ ਖੜੀ ਰਹੀ। ਸਿਰਫ਼ ਅਹੁਦੇ ਦਾ ਨਹੀਂ, ਇਨਸਾਨੀ ਬੁਲੰਦੀ ਦਾ ਜਲੌਅ ਬਣ ਕੇ ਲਿਸ਼ਕੀ।
ਉਸ ਨੇ ਔਰਤ ਹੋਣ ਦੇ ਮਾਪਦੰਡ ਨੂੰ ਨਵਾਂ ਰੂਪ ਦਿੱਤਾ। ਅਫ਼ਸਰ ਬਣ ਕੇ ਨਹੀਂ। ਇੱਕ ਮਾਂ ਵਾਂਗ, ਵੱਡੀ/ਛੋਟੀ ਭੈਣ ਵਾਂਗ ਲੋਕਾਂ ਨੂੰ ਸੰਭਾਲਿਆ, ਪਿਆਰ ਦਿੱਤਾ। ਉਹ ਸਿਰਫ਼ ਇੱਕ ਨਾਂ ਨਹੀਂ, ਇੱਕ ਪ੍ਰੇਰਣਾ ਦੀ ਲਹਿਰ ਬਣ ਕੇ ਛਲਕੀ ਹੈ।
ਉਹ ਸਿਰਫ਼ ਇੱਕ ਅਧਿਕਾਰੀ ਨਹੀਂ,
ਸਮਾਜ ਦੀ ਧੜਕਣ, ਲੋਕਾਂ ਦੀ ਆਸ ਹੈ।
ਲੱਖਾਂ ਹੱਥ ਉਹਦੇ ਸਿਰ ’ਤੇ ਪਿਆਰ ਦੇਣ ਲਈ ਉੱਲਰ ਆਏ ਹਨ।
ਜੁਗ ਜੁਗ ਜੀਵੇ ਸਾਡੀ ਰਾਣੀ ਧੀ, ‘ਧਰਤੀ ਦੀ ਧੀ’!
ਅਜਿਹੀਆਂ ਧੀਆਂ ਘਰ ਘਰ ਵਿਚ ਜੰਮਣ।
ਲੇਖਕ : ਵਰਿਆਮ ਸਿੰਘ ਸੰਧੂ

Dr KS Sandhu says
she is an inspiration
for everyone
to follow
Gurbaj Brar says
Certainly, a beacon of hope !
Prof Surjit Singh Bhatti PhD says
It is very rare that IAS officers, particularly Ladies, go out to help people affected by such calamities, though they do their best from the DC/ other offices. Our respects and God’s blessings are with her.
Gurbaj Brar says
Absolutely.