
ਮੋਹਾਲੀ- ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ੳਨ੍ਹਾਂ ਦਾ ਹਿਮਾਚਲ ਪ੍ਰਦੇਸ਼ ਵਿੱਚ ਬੱਦੀ ਨੇੜੇ ਬਾਈਕ ਐਕਸੀਡੈਂਟ ਹੋਇਆ ਹੈ! ਉਹ ਆਪਣੇ ਕੁਝ ਸਾਥੀਆਂ ਨਾਲ ਸ਼ਿਮਲਾ ਵੱਲ ਜਾ ਰਹੇ ਸਨ । ਉਨ੍ਹਾਂ ਦੇ ਮੋਟਰਸਾਈਕਲ ਵਿੱਚ ਗਾਂ ਵੱਜੀ ਦੱਸੀ ਗਈ ਹੈ। ਹਾਦਸਾ ਵਾਪਰਨ ਮਗਰੋਂ ਰਾਜਵੀਰ ਜਵੰਦਾ ਨੂੰ ਫੌਰੀ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਲਿਜਾਂਦੇ ਸਮੇ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਦੱਸਿਆ ਗਿਆ ਹੈ। ਉਨ੍ਹਾਂ ਦੀ ਹਾਲਤ ਬਾਰੇ ਫੋਰਟਿਸ ਹਸਪਤਾਲ, ਮੋਹਾਲੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪਤਾਲ, ਮੋਹਾਲੀ ਰੈਫਰ ਕੀਤਾ ਗਿਆ ਸੀ ਅਤੇ ਦੁਪਹਿਰ 1:45 ਵਜੇ ਐਮਰਜੈਂਸੀ ਵਿੱਚ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਫੋਰਟਿਸ ਹਸਪਤਾਲ ਪਹੁੰਚਣ ‘ਤੇ, ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਵੱਲੋਂ ਉਨ੍ਹਾਂ ਦਾ ਤੁਰੰਤ ਮੁਲਾਂਕਣ ਕੀਤਾ ਗਿਆ। ਉਨ੍ਹਾਂ ਨੂੰ ਐਡਵਾਂਸਡ ਲਾਈਫ ਸਪੋਰਟ ‘ਤੇ ਰੱਖਿਆ ਜਾ ਰਿਹਾ ਹੈ । ਉਹ ਇਸ ਸਮੇਂ ਵੈਂਟੀਲੇਟਰ ਸਪੋਰਟ ‘ਤੇ ਹਨ । ਹਸਪਤਾਲ ਵਿੱਚ ਰਾਜਵੀਰ ਜਵੰਦਾ ਦਾ ਹਾਲ ਪਤਾ ਕਰਕੇ ਆਏ ਪ੍ਰਸਿੱਧ ਗਾਇਕ ਜੀਤ ਜਗਜੀਤ ਨੇ ਕਿਹਾ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਆਪਾਂ ਸਾਰੇ ਉਨ੍ਹਾਂ ਦੀ ਸਲਾਮਤੀ ਲਈ ਦੁਆ ਕਰੀਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ “ਮੈਂ ਪਰਮਾਤਮਾ ਅੱਗੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਦੁਆ ਹੈ ਕਿ ਉਹ ਜਲਦ ਠੀਕ ਹੋ ਕੇ ਮੁੜ ਆਪਣੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਵਿਚਕਾਰ ਪਹੁੰਚਣ।”
