ਸਰੀ – ਕੈਨੇਡਾ ਦੇ ਸਰੀ ਸ਼ਹਿਰ ਦੇ ਨਜ਼ਦੀਕ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੂੰ ਲੰਘੇ ਸ਼ੁੱਕਰਵਾਰ ਰਾਤੀਂ ਤਕਰੀਬਨ ਸਾਢੇ ਦਸ ਵਜੇ 200 ਸਟਰੀਟ ਅਤੇ 53 ਐਵਨਿਊ ਦੇ ਨੇੜੇ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲੀਆਂ ਸਨ। ਮੌਕੇ ‘ਤੇ ਪਹੁੰਚੀ ਪੁਲਸ ਨੂੰ ਇੱਕ ਨੌਜਵਾਨ ਟੈਕਸੀ ਵਿੱਚ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਬਚਾਉਣ ਦੀ ਪੂਰੀ ਵਾਹ ਲਗਾਈ ਗਈ ਪਰੰਤੂ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਕੇ ਤੇ ਹੀ ਦਮ ਤੋੜ ਗਿਆ ।
ਪੁਲਸ ਨੇ ਪੀੜਤ ਦੀ ਸ਼ਨਾਖਤ 24 ਸਾਲਾ ਤਰਨ ਪੰਧੇਰ ਵਜੋਂ ਕੀਤੀ ਹੈ। ਮ੍ਰਿਤਕ ਨੌਜਵਾਨ ਪਹਿਲਾਂ ਤੋਂ ਹੀ ਪੁਲਸ ਦੀਆਂ ਨਜ਼ਰਾਂ ਵਿੱਚ ਸੀ। ਪੁਲਸ ਮੁਤਾਬਕ ਇਹ ਘਟਨਾ ਗੈਂਗਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਜਾਪਦੀ ਹੈ।
ਗੋਲੀ ਚੱਲਣ ਦੀ ਘਟਨਾ ਤੋਂ ਕਰੀਬ ਅੱਧਾ ਘੰਟਾ ਬਾਅਦ ਸਰੀ ਵਿੱਚ ਇੱਕ ਕਾਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਪੁਲਸ ਅਨੁਸਾਰ ਇਹ ਉਹੀ ਕਾਰ ਹੋ ਸਕਦੀ ਹੈ ਜਿਸਨੂੰ ਕਾਤਲਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਿਆ ਹੋਵੇਗਾ।
ਫਿਲਹਾਲ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਕੋਈ ਸੂਚਨਾ ਨਹੀਂ ਮਿਲੀ। ਸੰਗੀਨ ਜੁਰਮਾਂ ਨਾਲ ਨਿਪਟਣ ਵਾਲੀ ਪੁਲਸ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ!
Comments